
ਆਉਣ ਵਾਲੇ ਸਮੇੰ ਵਿੱਚ ਸਾਡੀ ਖੇਤਰੀ ਪਾਰਟੀ ਹੀ ਸੂਬੇ ਦਾ ਰਾਜ ਭਾਗ ਸੰਭਾਲੇਗੀ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਵੇਗੀ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਿਹੜਾ ਫ਼ੈਸਲਾ ਬਾਗੀ ਸੁਰਾਂ ਅਪਨਾਉਣ ਵਾਲਿਆਂ ਵਿਰੁੱਧ ਲਿਆ ਹੈ ਉਹ ਜਿਉਂ ਦਾ ਤਿਉਂ ਬਰਕਰਾਰ ਰਹੇਗਾ, ਕਿਉਂਕਿ ਕੋਰ ਕਮੇਟੀ ਭੰਗ ਕਰਨ ਅਤੇ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਫ਼ੈਸਲਾ ਬੜਾ ਕੁੱਝ ਸੋਚ ਸਮਝ ਕੇ ਲਿਆ ਗਿਆ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ ਫਰਾਂਸ, ਪ੍ਰਧਾਨ ਅਕਾਲੀ ਦਲ ਯੂਰਪ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ ਅਤੇ ਜੱਸ ਪ੍ਰਭੂ ਪ੍ਰੀਤ ਸਿੰਘ ਫਰਾਂਸ, ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਆਦਿ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਰਹੀ ਗੱਲ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਪੱਦ ਤਿਆਗਣ ਦੀ, ਉਸ ਬਾਰੇ ਸੁਆਲ ਕਰਨਾ ਵੀ ਜਾਇਜ ਨਹੀਂ ਜਾਪਦਾ। ਇਨ੍ਹਾਂ 15-20 ਬਾਗੀ ਲੀਡਰਾਂ ਵੱਲੋਂ ਰੌਲਾ ਪਾਉਣ ਨਾਲ ਨਾ ਤਾਂ ਪਾਰਟੀ ਨੂੰ ਕੋਈ ਫਰਕ ਪੈਣਾ ਹੈ ਅਤੇ ਨਾ ਹੀ ਪੰਜਾਬ ਵਾਸੀਆਂ ਦੀ ਸੋਚ ਵਿੱਚ ਕੋਈ ਫਰਕ ਆਵੇਗਾ।
ਉਕਤ ਆਗੂਆਂ ਨੇ ਕਿਹਾ ਕਿ ਵੈਸੇ ਵੀ ਪੰਜਾਬ ਵਾਸੀਆਂ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਝੂਠ ਬੋਲ ਕੇ ਖਿਲਵਾੜ੍ਹ ਕਰ ਚੁੱਕੇ ਹਨ ਅਤੇ ਹੁਣ ਇਹ ਕੁਝ ਬਾਗੀ ਆਗੂ ਵਿਰੋਧੀਆਂ ਨਾਲ ਮਿਲ ਕੇ ਕੋਝੀਆਂ ਚਾਲਾਂ ਚੱਲ ਰਹੇ ਹਨ, ਇਸ ਕਰਕੇ ਹੁਣ ਪੰਜਾਬ ਵਾਸੀ ਇਨ੍ਹਾਂ ਮੋਮੋ ਠੱਗਾਂ ਦੇ ਬਹਿਕਾਵੇ ਵਿੱਚ ਆ ਕੇ ਆਪਣਾ ਭਵਿੱਖ ਬਰਬਾਦ ਨਹੀਂ ਕਰਨਗੇ।
ਉਕਤ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇੰ ਵਿੱਚ ਸ਼੍ਰੋਮਣੀ ਅਕਾਲੀ ਦਲ ਜੋਕਿ ਸਾਡੀ ਖੇਤਰੀ ਪਾਰਟੀ ਹੈ, ਪੰਜਾਬ ਦੀ ਵਾਰਿਸ ਬਣ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸੂਬੇ ਦਾ ਰਾਜ ਭਾਗ ਸੰਭਾਲੇਗੀ ਅਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਵੇਗੀ |
ਉਕਤ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਹਰੇਕ ਫੈਸਲੇ ਨੂੰ ਅਸੀਂ ਪੰਜਾਬ ਦੇ ਹਿੱਤ ਵਿੱਚ ਦੇਖਦੇ ਹਾਂ। ਦੂਸਰਾ ਜ਼ੇਕਰ ਅਕਾਲੀ ਸੁਧਾਰ ਲਹਿਰ ਵਾਲਿਆਂ ਨੂੰ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਨਾਲ ਦੁੱਖ ਮਹਿਸੂਸ ਹੋਇਆ ਹੈ ਤਾਂ ਅਜੇ ਵੀ ਵਕਤ ਹੈ ਕਿ ਉਹ ਫੋਕੀ ਬਿਆਨਬਾਜੀ ਤੋਂ ਪਰਹੇਜ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਵਾਪਿਸ ਆ ਜਾਣ, ਵਰਨਾ ਭਵਿੱਖ ਵਿੱਚ ਇਸ ਤੋਂ ਵੀ ਸਖ਼ਤ ਫੈਸਲੇ ਲਏ ਜਾ ਸਕਦੇ ਹਨ |





























