ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਅਧੀਨ ਕਮਿਸ਼ਨਰੇਟ ਪੁਲਿਸ ਜਲੰਧਰ ਦੇ CIA ਸਟਾਫ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇੰਟਰ-ਸਟੇਟ ਫਾਰਮਾਸੂਟੀਕਲ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੁੱਲ 2,23,000 ਨਸ਼ੀਲੀਆਂ ਗੋਲੀਆਂ, 2 ਕਾਰਾਂ ਅਤੇ 1 ਐਕਟੀਵਾ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਜਲੰਧਰ, ਸ੍ਰੀਮਤੀ ਧਨਪ੍ਰੀਤ ਕੌਰ IPS ਨੇ ਦੱਸਿਆ ਕਿ DCP ਇਨਵੈਸਟੀਗੇਸ਼ਨ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP ਇਨਵੈਸਟੀਗੇਸ਼ਨ ਸ੍ਰੀ ਜਯੰਤ ਪੁਰੀ IPS ਅਤੇ ADCP ਸ੍ਰੀ ਪਰਮਜੀਤ ਸਿੰਘ PPS ਦੀ ਅਗਵਾਈ ਹੇਠ ਇੰਚਾਰਜ CIA ਸਟਾਫ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਵਲੋ ਇਹ ਕਾਰਵਾਈ ਕੀਤੀ ਗਈ।
ਉਹਨਾਂ ਦੱਸਿਆ ਕਿ ਕਾਰਵਾਈ ਦੌਰਾਨ ਪਹਿਲਾ ਦੋਸ਼ੀ ਨਿਤਿਨ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ, ਨਿਵਾਸੀ ਬਚਿੰਤ ਨਗਰ ਪਿੰਡ ਰੇਰੂ ਨੇੜੇ ਪਠਾਨਕੋਟ ਚੌਕ, ਜਲੰਧਰ ਨੂੰ ਬਰਲਟਨ ਪਾਰਕ ਦੇ ਗੇਟ ਸਾਹਮਣੇ ਤੇ ਸਵਿਫਟ ਕਾਰ (PB-08 FD-2993) ਸਮੇਤ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 87,000 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ। ਉਹਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਉਸਦੇ 2 ਹੋਰ ਸਾਥੀਆਂ ਬਾਰੇ ਜਾਣਕਾਰੀ ਦਿੱਤੀ ਜਿਹਨਾਂ ਦੀ ਪਛਾਣ ਅਜੈ ਕੁਮਾਰ ਪੁੱਤਰ ਸੁਨੀਲ ਕੁਮਾਰ, ਨਿਵਾਸੀ ਮਕਾਨ ਨੰ.563 ਤਿਲਕ ਨਗਰ ਜਲੰਧਰ ਅਤੇ ਅਮਿਤ ਵਰਮਾ @ ਸਨੀ, ਨਿਵਾਸੀ ਮਕਾਨ ਨੰ. B-2/764, ਸਤਨਾਮ ਨਗਰ ਜਲੰਧਰ ਵਜੋਂ ਹੋਈ ਹੈ, ਜਿਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀ ਅਜੈ ਕੁਮਾਰ ਕੋਲੋਂ ਇੱਕ ਮਰੁਤੀ ਫਰੈਂਕਸ ਕਾਰ (PB-08 FN-9551) ਵਿਚੋਂ 1,12,000 ਗੋਲੀਆਂ ਅਤੇ ਦੋਸ਼ੀ ਅਮਿਤ ਵਰਮਾ @ ਸਨੀ ਦੀ ਐਕਟਿਵਾ ਵਿੱਚੋਂ 24,000 ਗੋਲੀਆਂ ਬਰਾਮਦ ਕੀਤੀਆਂ।

CP ਜਲੰਧਰ ਨੇ ਦੱਸਿਆ ਕਿ ਜਲੰਧਰ ਪੁਲਿਸ ਵਲੋਂ ਕੁੱਲ 2,23,000 ਟ੍ਰਾਮਾਡੋਲ ਹਾਈਡਰੋਕਲੋਰਾਈਡ ਗੋਲੀਆਂ, 2 ਕਾਰਾਂ ਅਤੇ 1 ਐਕਟੀਵਾ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 180 ਮਿਤੀ 22.09.2025 ਅਧੀਨ ਧਾਰਾ 22-61-85 NDPS Act ਤਹਿਤ ਥਾਣਾ ਡਵੀਜ਼ਨ ਨੰਬਰ 1, ਜਲੰਧਰ ਵਿਖੇ ਦਰਜ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਗੋਲੀਆਂ ਸ਼ਹਿਰ ਦੇ ਅੰਦਰ ਅਤੇ ਨੇੜਲੇ ਖੇਤਰਾਂ ਵਿੱਚ ਸਪਲਾਈ ਕਰਦੇ ਸਨ। ਦੋਸ਼ੀ ਨਿਤਿਨ ਸ਼ਰਮਾ ਦੇ ਖਿਲਾਫ ਪਹਿਲਾਂ ਵੀ 2 ਮੁਕੱਦਮੇ ਦਰਜ ਹਨ।
CP ਜਲੰਧਰ ਨੇ ਕਿਹਾ ਕਿ ਦੋਸ਼ੀਆਂ ਨੂੰ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਇਹਨਾਂ ਦੇ ਅਗਲੇ-ਪਿਛਲੇ ਸਪਲਾਈ ਲਿੰਕ ਖੰਗਾਲੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆ ਵਿਰੁੱਧ ਸਾਡੀ ਇਹ ਕਾਰਵਾਈ ਜਾਰੀ ਰਹੇਗੀ।
















