ਭਗਵੰਤ ਮਾਨ ਵੀ ਕੇਜਰੀਵਾਲ ਦੇ ਵਾਅਦਿਆਂ ਦੀ ਲਾਜ ਰੱਖਣ ਲਈ ਨਰਿੰਦਰ ਮੋਦੀ ‘ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਾਵੇ ਦਬਾਅ – ਔਰਰ-ਡਾਨ ਸੰਸਥਾ
ਪੈਰਿਸ, (PRIME INDIAN NEWS) :- ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੀ ਪੰਜਾਬ ਫੇਰੀ ਮੌਕੇ ਦੌਰਾਨ ਸਿੱਖ ਕੌਮ ਦਾ ਸਤਿਕਾਰ ਕਰਦੇ ਹੋਏ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਜਰੂਰ ਕਰ ਕੇ ਜਾਣ, ਤਾਂ ਕਿ ਜਿਹੜੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨਾਲ ਇਨਸਾਫ਼ ਹੋ ਸਕੇ। ਇਸ ਤਰਾਂ ਕਰਨ ਨਾਲ ਸਿੱਖ ਕੌਮ ਦੇ ਦਿਲਾਂ ਵਿੱਚ ਤੁਹਾਡਾ ਕੱਦ ਵੱਡਾ ਹੋਵੇਗਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਤੁਹਾਡਾ ਨਾਮ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਅੱਗੇ ਤੁਸੀਂ ਆਪ, ਆਪਣੀ ਮਰਜੀ ਦੇ ਮਾਲਿਕ ਹੋ, ਨਿਆਂ ਕਰਨਾ ਤੁਹਾਡੇ ਹੱਥ ਵੱਸ ਹੈ।

ਸ. ਭੱਟੀ ਨੇ ਦੱਸਿਆ ਕਿ ਭਗਵੰਤ ਮਾਨ ਦਾ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਜਰੀਵਾਲ ਦੇ ਪਸੰਦੀਦਾ ਹੋਣ ਦੇ ਨਾਤੇ ਫਰਜ ਬਣਦਾ ਹੈ ਕਿ ਉਹ ਵੀ, ਜਿਹੜੀ ਲਿਖਤੀ ਚਿੱਠੀ ਕੇਜਰੀਵਾਲ ਨੇ ਸਰਦਾਰ ਭੱਟੀ ਨੂੰ 2014 ਵਿੱਚ ਦੇ ਕੇ, 57 ਦਿਨਾਂ ਬਾਅਦ ਭੁੱਖ ਹੜਤਾਲ, ਵਾਅਦੇ ਕਰਕੇ ਤੁੜਵਾਈ ਸੀ, ਉਸਤੇ ਹੁਣ ਤਾਂ ਅਮਲ ਹੋ ਸਕੇ, ਜਦਕਿ ਇਹ ਵਾਅਦੇ ਕੀਤਿਆਂ ਨੂੰ 11 ਸਾਲ ਬੀਤ ਚੁੱਕੇ ਹਨ। ਜੇਕਰ ਕਿਸੇ ਨੂੰ ਭੁਲੇਖਾ ਹੋਵੇ ਤਾਂ ਸਬੂਤ ਦੇ ਤੌਰ ਉੱਪਰ ਕੇਜਰੀਵਾਲ ਵੱਲੋਂ ਕੀਤੇ ਵਾਅਦਿਆਂ ਦੀ ਲਿਖਤੀ ਚਿੱਠੀ ਇਸ ਖ਼ਬਰ ਨਾਲ ਦਿਖਾਈ ਦੇ ਰਹੀ ਹੈ । ਗੁਗਲ ਤੇ ਵੀ ਇਹ ਚਿੱਠੀ (Hunger Strike of Bhai Iqbal Singh ) ਸਰਚ ਕਰਕੇ ਲੱਭੀ ਜਾ ਸਕਦੀ ਹੈ।
















