
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ, IPS, ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਰਾਕੇਸ਼ ਯਾਦਵ, PPS, ADCP ਸਿਟੀ-2 ਜਲੰਧਰ ਅਤੇ ਸ੍ਰੀ ਮਨਮੋਹਨ ਸਿੰਘ, PPS, ACP ਮਾਡਲ ਟਾਊਨ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਪੁਲਿਸ ਵੱਲੋਂ ਦੇਹ ਵਪਾਰ ਦੇ ਅੱਡੇ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ।

ਇੰਸਪੈਕਟਰ ਰਵਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਇਲਾਕੇ ਵਿੱਚ ਗਸ਼ਤ ਦੌਰਾਨ ਮੁਖਬਰ ਖਾਸ ਵਲੋਂ ਇਤਲਾਹ ਮਿਲੀ ਕਿ ਰਾਜੇਸ਼ ਕੁਮਾਰ ਉਰਫ਼ ਸਾਬੀ ਪੁੱਤਰ ਬੱਗਾ ਸਿੰਘ, ਵਾਸੀ ਪਿੰਡ ਦਿਆਲਪੁਰਾ, ਜ਼ਿਲ੍ਹਾ ਕਪੂਰਥਲਾ, ਹਾਲ ਵਾਸੀ ਸੰਤ ਨਗਰ, ਲਾਡੋਵਾਲੀ ਰੋਡ, ਜਲੰਧਰ, ਵੱਲੋਂ ਗ੍ਰੈਂਡ ਸਪਾ ਸੈਂਟਰ, ਛੋਟੀ ਬਾਰਾਦਰੀ, ਪਾਰਟ-2, ਜਲੰਧਰ ਵਿਖੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਮੁਖਬਰ ਖਾਸ ਦੀ ਇਤਲਾਹ ਨੂੰ ਸੱਚੀ ਅਤੇ ਠੋਸ ਪਾਉਂਦੇ ਹੋਏ ਪੁਲਿਸ ਵੱਲੋਂ ਮੁਕੱਦਮਾ ਨੰਬਰ 190 ਮਿਤੀ 08.08.2026, ਧਾਰਾ 3, 4, 5, 7 Immoral Traffic (Prevention) Act, ਥਾਣਾ ਡਿਵੀਜ਼ਨ ਨੰਬਰ 7, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫਤੀਸ਼ ਦੌਰਾਨ ਪੁਲਿਸ ਟੀਮ ਵੱਲੋਂ ਗ੍ਰੈਂਡ ਸਪਾ ਸੈਂਟਰ ‘ਤੇ ਰੋਡ ਕੀਤੀ ਗਈ। ਰੇਡ ਦੌਰਾਨ ਮੌਕੇ ਤੋਂ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਪਾ ਸੈਂਟਰ ਦੇ ਮਾਲਕ ਵੱਲੋਂ ਬਾਹਰੋਂ ਲੜਕੀਆਂ/ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਲਿਆਉਣ ਅਤੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਣ ਦਾ ਧੰਦਾ ਚਲਾਇਆ ਜਾ ਰਿਹਾ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਮਾਲਕ ਮੌਕੇ ਤੋਂ ਫਰਾਰ ਹੋ ਗਿਆ. ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸਪਾ ਸੈਂਟਰ ਦੀ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ, ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਤਫਤੀਸ਼ ਵਿੱਚ ਸ਼ਾਮਲ ਕੀਤਾ ਗਿਆ ਹੈ।
















