
ਕਿਹਾ- ਦੂਰ ਦੂਰ ਤੱਕ ਕੂੜੇ ਦੀ ਬਦਬੂ ਕਾਰਨ ਲੋਕਾਂ ਦਾ ਲੰਘਣਾ ਹੋਇਆ ਮੁਹਾਲ, ਫੈਲ ਰਹੀਆਂ ਨੇ ਬਿਮਾਰੀਆਂ, ਜਿਸ ਲਈ ਨਗਰ ਨਿਗਮ ਪ੍ਰਸ਼ਾਸ਼ਨ ਜ਼ਿੰਮੇਵਾਰ
ਜਲੰਧਰ, ਐਚ ਐਸ ਚਾਵਲਾ। ਵਿਧਾਨਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਆਉਂਦੇ ਅਰਬਨ ਐਸਟੇਟ ਫੇਸ-2 ਡਿਸਪੋਜ਼ਲ ਤੋਂ ਲੈ ਕੇ ਜਮਸ਼ੇਰ ਡੇਅਰੀ ਕੰਪਲੈਕਸ ਤੱਕ ਜਿੱਥੇ ਸੜਕ ਬਣਾਏ ਜਾਣ ਦੀ ਯੋਜਨਾ ਸੀ, ਉੱਥੇ ਨਗਰ ਨਿਗਮ ਪ੍ਰਸ਼ਾਸ਼ਨ ਦੀ ਲਾਪਰਵਾਹੀ ਕਾਰਨ 5 ਕਿੱਲੋਮੀਟਰ ਲੰਬਾ ਕੂੜੇ ਦਾ ਡੰਪ ਬਣ ਗਿਆ ਹੈ। ਇਸ ਰਸਤੇ ਤੇ ਦੂਰ ਦੂਰ ਤੱਕ ਕੂੜੇ ਦੀ ਬਦਬੂ ਹੋਣ ਦੇ ਕਾਰਨ ਇਥੋਂ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਕੈਂਟ ਦੇ ਸਾਬਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।


ਸ. ਬਰਾੜ ਨੇ ਦੱਸਿਆ ਉਕਤ ਮਾਰਗ ‘ਤੇ ਲੋਕਾਂ ਵਲੋਂ ਕੂੜਾ ਹੀ ਨਹੀਂ ਸੁੱਟਿਆ ਜਾ ਰਿਹਾ ਬਲਕਿ ਪੁਰਾਣੇ ਘਰਾਂ ਦਾ ਮਲਬਾ, ਹੋਰ ਰਹਿੰਦ-ਖੂੰਹਦ, ਮੈਡੀਕਲ ਵੇਸਟ ਤੇ ਮਰੇ ਹੋਏ ਜਾਨਵਰਾਂ ਤੋਂ ਇਲਾਵਾ ਗਲਿਆ-ਸੜਿਆ ਮਾਸ ਤੇ ਹੋਰ ਕਈ ਤਰ੍ਹਾਂ ਦੀ ਗੰਦਗੀ ਵੀ ਸੁੱਟੀ ਜਾ ਰਹੀ ਹੈ। ਜਿਸ ਕਾਰਨ ਇਸ ਮਾਰਗ ਤੋਂ ਲੰਘਣਾ ਲੋਕਾਂ ਦੇ ਬੇਹੱਦ ਔਖਾ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਗ ਦੇ ਦੋਵੇਂ ਪਾਸੇ ਸੰਘਣੀ ਆਬਾਦੀ ਵੀ ਹੈ ਤੇ ਜਮਸ਼ੇਰ ਡੇਅਰੀ ਕੰਪਲੈਕਸ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਇਸੇ ਹੀ ਰਸਤੇ ਤੋਂ ਆਉਂਦੇ ਜਾਂਦੇ ਹਨ ਪਰ ਇਸ ਕੂੜੇ ਦੇ ਡੰਪ ਕਾਰਨ ਲੋਕਾਂ ਦਾ ਇਥੋਂ ਲੰਘਣਾ ਮੁਹਾਲ ਹੋਇਆ ਪਿਆ ਹੈ।


ਸ. ਬਰਾੜ ਨੇ ਦੱਸਿਆ ਕਿ ਪਹਿਲਾਂ ਅਰਬਨ ਐਸਟੇਟ ਫੇਸ-2 ਤੋਂ ਜਮਸ਼ੇਰ ਡੇਅਰੀ ਕੰਪਲੈਕਸ ਤੱਕ 5 ਕਿਲੋਮੀਟਰ ਲੰਬਾ ਇਕ ਗੰਦਾ ਨਾਲਾ ਸੀ ਤੇ ਰਾਤ ਦਿਨ ਇਸ ‘ਚੋਂ ਬਹੁਤ ਹੀ ਭੈੜੀ ਬਦਬੂ ਆਉਂਦੀ ਰਹਿੰਦੀ ਸੀ। ਜਿਥੇ ਲੋਕਾਂ ਨੂੰ ਇਥੋਂ ਲੰਘਣ ਵੇਲੇ ਕਾਫੀ ਮੁਸ਼ਕਿਲ ਆਉਂਦੀ ਸੀ, ਇਸਦੇ ਨਾਲ ਨਾਲ ਇੱਥੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਨਾਲੇ ਕਰਕੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਲ 2020 ‘ਚ ਇਸ ਗੰਦੇ ਨਾਲੇ ਨੂੰ ਪੂਰ ਕੇ ਇੱਥੇ ਵੱਡਾ ਸੀਵਰੇਜ ਪਾਇਆ ਗਿਆ ਤੇ ਕਈ ਸਾਲ ਚੱਲੇ ਇਸ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ ਆਸ ਬੱਝੀ ਸੀ, ਕਿ ਹੁਣ ਉਨ੍ਹਾਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ ਤੇ ਸਰਕਾਰ ਵਲੋਂ ਪ੍ਰਾਜੈਕਟ ਤਹਿਤ ਇਸ ਗੰਦੇ ਨਾਲੇ ਨੂੰ ਪੂਰ ਕੇ ਉਪਰ 66 ਫੁੱਟ ਚੌੜੀ ਸੜਕ ਬਣਾਈ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਤੇ ਕੇਵਲ 33 ਫੁੱਟ ਤੱਕ ਹੀ ਸੜਕ ਬਣਾਈ ਗਈ ਹੈ, ਜਦਿਕ ਨਾਲੇ ਨੂੰ ਪੂਰ ਕੇ ਸੀਵਰੇਜ ਪਾਈਪਾਂ ਤਾਂ ਪਾ ਦਿੱਤੀਆਂ ਗਈਆਂ ਪਰ ਇਸ ਉਪਰ ਸੜਕ ਅਜੇ ਤੱਕ ਨਹੀਂ ਬਣਾਈ ਗਈ।
ਸ. ਬਰਾੜ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਇਸ ਅਧੂਰੇ ਪਏ ਪ੍ਰਾਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਮਾਰਗ ਕੂੜੇ ਦਾ ਇਕ ਲੰਬਾ ਡੰਪ ਬਣ ਕੇ ਰਹਿ ਗਿਆ ਹੈ, ਜੋ ਲੋਕਾਂ ਨੂੰ ਮੁਫਤ ‘ਚ ਬਿਮਾਰੀਆਂ ਵੰਡ ਰਿਹਾ ਹੈ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਕ ਨਰਕ ‘ਚੋਂ ਕੱਢ ਕੇ ਦੂਸਰੇ ‘ਚ ਸੁੱਟ ਦਿੱਤਾ ਗਿਆ ਹੈ।


ਰਸਤੇ ਤੇ ਲੱਗੇ ਹਨ ਕੂੜਾ ਸੁੱਟਣ ਵਾਲੇ ਨੂੰ 5 ਹਜ਼ਾਰ ਜ਼ੁਰਮਾਨਾ ਦੇ ਚਿਤਾਵਨੀ ਬੋਰਡ ?
ਸ. ਬਰਾੜ ਨੇ ਕਿਹਾ ਕਿ ਅਰਬਨ ਐਸਟੇਟ ਫੇਸ-2 ਤੋਂ ਜਮਸ਼ੇਰ ਡੇਅਰੀ ਕੰਪਲੈਕਸ ਨੂੰ ਜਾਂਦੇ ਮਾਰਗ ‘ਤੇ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਇਕ ਦਰਜਨ ਦੇ ਕਰੀਬ ਚਿਤਾਵਨੀ ਬੋਰਡ ਲਗਾ ਕੇ ਲੋਕਾਂ ਨੂੰ ਕੂੜਾ ਨਾ ਸੁੱਟਣ ਸੰਬੰਧੀ ਤਾੜਨਾ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਰਗ ‘ਤੇ ਕੂੜਾ ਸੁੱਟਣ ਵਾਲੇ ਨੂੰ 5 ਹਜ਼ਾਰ ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ ਪਰ ਲੋਕਾਂ ਤੇ ਇਸ ਚਿਤਾਵਨੀ ਦਾ ਰੱਤੀ ਭਰ ਵੀ ਅਸਰ ਨਹੀਂ ਹੋਇਆ। ਅੱਜ ਜਦੋਂ ਮੀਡੀਆ ਵਲੋਂ ਇਸ ਮਾਰਗ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਰਸਤੇ ਤੇ ਲੱਗੇ ਚਿਤਾਵਨੀ ਬੋਰਡਾਂ ਦੇ ਹੇਠਾਂ ਵੀ
ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸਨ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਨੂੰ ਨਿਗਮ ਪ੍ਰਸ਼ਾਸ਼ਨ ਦੀ ਚਿਤਾਵਨੀ ਦਾ ਵੀ ਕੋਈ ਡਰ ਨਹੀਂ ਹੈ।
ਇਸ ਬਾਰੇ ਨਗਰ ਨਿਗਮ ਕਮਿਸ਼ਨਰ ਦਾ ਕੀ ਕਹਿਣਾ ਹੈ ?
ਇਸ ਮਸਲੇ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨਾਲ ਗੱਲ ਕਰਕੇ ਉਨ੍ਹਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਛੁੱਟੀ ‘ਤੇ ਚੱਲ ਰਹੇ ਹਨ ਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਜਲਦ ਹੀ ਉਹ ਕੇ ਇਸ ਮਸਲੇ ਦੀ ਜਾਣਕਾਰੀ ਲੈ ਕੇ ਲੋੜੀਂਦੇ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗੰਦਗੀ ਫੈਲਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਡੰਪ ਲਈ ਨਗਰ ਨਿਗਮ ਪ੍ਰਸ਼ਾਸ਼ਨ ਜ਼ਿੰਮੇਵਾਰ, ਵਿਕਾਸ ਪ੍ਰਾਜੈਕਟ ਦੀ ਥਾਂ ਮਿਲਿਆ ਕੂੜੇ ਦਾ ਡੰਪ- ਬਰਾੜ

ਜਲੰਧਰ ਕੈਂਟ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਜਗਬੀਰ ਸਿੰਘ ਬਰਾੜ ਨੇ ਮੀਡੀਆ ਸਾਹਮਣੇ ਇਹ ਮਸਲਾ ਚੁੱਕਦੇ ਹੋਏ ਇਸ ਕੂੜੇ ਦੇ ਡੰਪ ਲਈ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰ ਠਹਰਾਇਆ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਲੋਕ ਅਤੇ ਆਣ ਜਾਣ ਵਾਲੇ ਰਾਹਗੀਰ ਇਸ ਡੰਪ ਤੇ ਲਗੇ ਵੱਡੇ ਵੱਡੇ ਕੂੜੇ ਦੇ ਢੇਰਾਂ ਦਾ ਸੰਤਾਪ ਭੋਗ ਰਹੇ ਹਨ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਰਨਾਂ ਹਲਕਿਆਂ ਨੂੰ ਤਾਂ ਸਿੱਖਿਆ, ਤਕਨੀਕੀ ਹੁਨਰ, ਮੈਡੀਕਲ ਤੇ ਕਈ ਹੋਰ ਵਿਕਾਸ ਸੰਬੰਧੀ ਪ੍ਰਾਜੈਕਟ ਦਿੱਤੇ ਜਾ ਰਹੇ ਹਨ ਪਰ ਜਲੰਧਰ ਕੈਂਟ ਹਲਕੇ ਨੂੰ ਅਜਿਹਾ ਕੋਈ ਪ੍ਰਾਜੈਕਟ ਤਾਂ ਕੀ ਦੇਣਾ ਸੀ, ਸਗੋਂ ਇਹ ਕੂੜੇ ਦਾ ਡੰਪ ਦੇ ਦਿੱਤਾ ਗਿਆ, ਜਿਸ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਸ. ਬਰਾੜ ਨੇ ਨਗਰ ਨਿਗਮ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਰਗ ‘ਤੇ ਜੋ ਦਿਨ ਬ ਦਿਨ ਕੂੜਾ ਸੁੱਟਿਆ ਜਾ ਰਿਹਾ ਹੈ, ਉਸਨੂੰ ਰੋਕਿਆ ਜਾਵੇ ਅਤੇ ਇਸ ਮਾਰਗ ਦੇ ਅਧੂਰੇ ਪਏ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਕੂੜੇ ਦੇ ਡੰਪ ਵਾਲੀ ਥਾਂ ‘ਤੇ ਸੜਕ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਰਬਨ-ਐਸਟੇਟ ਫੇਸ-2 ਤੋਂ ਲੈ ਕੇ ਜਮਸ਼ੇਰ ਡੇਅਰੀ ਕੰਪਲੈਕਸ ਤੱਕ 66 ਫੁੱਟ ਚੌੜੀ ਸੜਕ ਬਣਨੀ ਸੀ ਪਰ ਇਸ ਨੂੰ ਪ੍ਰਾਜੈਕਟ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ, ਜਿਸਦਾ ਬਣਨਾ ਬਹੁਤ ਜਰੂਰੀ ਹੈ ਤਾਂ ਜੋ ਇੱਥੇ ਜਿੰਦਗੀ ਬਸ਼ਰ ਕਰ ਰਹੇ ਲੋਕਾਂ ਅਤੇ ਆਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੱਮਸਿਆ ਤੋਂ ਨਿਜਾਤ ਮਿਲ ਸਕੇ।
















