
ਵਿਦੇਸ਼ੀ ਹੈਂਡਲਰ ਡੋਨੀ ਬਲ ਦੇ ਮੁੱਖ ਗੁਰਗੇ ਗ੍ਰਿਫ਼ਤਾਰ, 3 ਹਥਿਆਰ, ਜਿੰਦਾ ਰੌਂਦ ਅਤੇ ਮਾਰੂਤੀ ਬਰੇਜ਼ਾ ਕਾਰ ਬਰਾਮਦ
ਜਲੰਧਰ, ਐਚ ਐਸ ਚਾਵਲਾ। ਸ੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ DCP/Investigation ਸ੍ਰੀ ਮਨਪ੍ਰੀਤ ਸਿੰਘ, PPS, ADCP/Investigation ਸ੍ਰੀ ਜੇਅੰਤ ਪੁਰੀ IPS, ਅਤੇ ACP/Detective ਸ੍ਰੀ ਅਮਰਬੀਰ ਸਿੰਘ PPS, ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੰਗਠਿਤ ਅਪਰਾਧਿਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ਕਮਿਸ਼ਨਰੇਟ ਵਿਖੇ ਐੱਫ.ਆਈ.ਆਰ. ਨੰਬਰ 140 ਮਿਤੀ 19.06.2026 ਅਧੀਨ ਧਾਰਾ 111, 308(2), 308(4), 61(2), 3(5) ਬੀ ਐਨ ਐਸ ਅਤੇ ਧਾਰਾ 25 (1-B), 27, 54 ਅਤੇ 59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਵੱਲੋਂ ਇੱਕ ਮਾਰੂਤੀ ਬਰੇਜ਼ਾ ਕਾਰ ਨੰਬਰ PB02-FG-9171 ਨੂੰ ਰੋਕ ਕੇ ਇਸ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ 1. ਨਿਤਿਸ਼ ਛਾਬੜਾ ਉਰਫ਼ ਲਵ ਪੁੱਤਰ ਲੇਟ ਸ੍ਰੀ ਸੁਰੇਸ਼ ਕੁਮਾਰ ਵਾਸੀ ਮਕਾਨ ਨੰਬਰ 07/1 ਭਗਤ ਸਿੰਘ ਨਗਰ ਮਾਡਲ ਹਾਊਸ ਜਲੰਧਰ, 2. ਨਵਲ ਭਾਰਦਵਾਜ਼ ਉਰਫ਼ ਬਿੱਲਾ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਅਤੇ ਡਾਕਖਾਨਾ ਜੰਡਿਆਲਾ ਥਾਣਾ ਸਦਰ ਜਲੰਧਰ, 3. ਮੁਕੁਲ ਗੋਰੀ ਪੁੱਤਰ ਚਮਨ ਲਾਲ ਵਾਸੀ ਮਕਾਨ ਨੰਬਰ 119/6, ਭਾਰਗੋ ਕੈਂਪ, ਜਲੰਧਰ ਅਤੇ 4. ਪ੍ਰਿੰਸ ਪੁੱਤਰ ਰਮੇਸ਼ ਕੁਮਾਰ ਵਾਸੀ ਈਸ਼ਵਰ ਨਗਰ ਬਸਤੀ ਸ਼ੇਖ ਜਲੰਧਰ ਵਜੋਂ ਹੋਈ।
ਤਲਾਸ਼ੀ ਦੌਰਾਨ ਨਿਤਿਸ਼ ਛਾਬੜਾ ਉਰਫ਼ ਲਵ ਪਾਸੋਂ ਇੱਕ ਜਗਾਨਾ ਪਿਸਤੌਲ ਸਮੇਤ ਮੈਗਜ਼ੀਨ ਅਤੇ 9 ਐੱਮ.ਐੱਮ. ਦੇ ਦੋ ਜਿੰਦਾ ਰੱਦ, ਨਵਲ ਭਾਰਦਵਾਜ਼ ਉਰਫ਼ ਬਿੱਲਾ ਪਾਸੋਂ ਇੱਕ .30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 30 ਬੋਰ ਦੇ ਦੋ ਜਿੰਦਾ ਰੌਂਦ, ਮੁਕੁਲ ਗੋਰੀ ਪਾਸੋਂ ਇੱਕ ਗਲੌਕ ਪਿਸਤੌਲ ਸਮੇਤ ਮੈਗਜ਼ੀਨ ਅਤੇ 9 ਐੱਮ.ਐੱਮ. ਦੇ ਦੋ ਜਿੰਦਾ ਰੌਂਦ ਅਤੇ ਪ੍ਰਿੰਸ ਪਾਸੋਂ ਇੱਕ ਦਾਤਰ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਵਾਰਦਾਤਾਂ ਵਿੱਚ ਵਰਤੀ ਜਾ ਰਹੀ ਮਾਰੂਤੀ ਬਰੇਜ਼ਾ ਕਾਰ ਵੀ ਕਬਜ਼ੇ ਵਿੱਚ ਲਈ ਗਈ।
ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਨਿਤਿਸ਼ ਛਾਬੜਾ ਉਰਫ਼ ਲਵ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਅਤੇ ਏਕਮ ਯੂ.ਕੇ. ਦੇ ਲਗਾਤਾਰ ਸੰਪਰਕ ਵਿੱਚ ਸੀ। ਉਕਤ ਵਿਦੇਸ਼ੀ ਹੈਂਡਲਰ ਵਿਦੇਸ਼ ਵਿੱਚ ਬੈਠ ਕੇ ਫਿਰੌਤੀ ਦੀਆਂ ਕਾਲਾਂ ਕਰਵਾਉਂਦੇ ਸਨ ਅਤੇ ਆਪਣੇ ਸਾਥੀਆਂ ਰਾਹੀਂ ਪੀੜਤਾਂ ਦੇ ਟਿਕਾਇਆਂ ‘ਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਸਨ। ਨਿਤਿਸ਼ ਛਾਬੜਾ ਉਰਫ਼ ਲਵ ਸਥਾਨਕ ਪੱਧਰ ‘ਤੇ ਇਨ੍ਹਾਂ ਦਾ ਮੁੱਖ ਸੰਪਰਕ ਸੀ ਅਤੇ ਆਪਣੇ ਹੋਰ ਸਾਥੀਆਂ ਨੂੰ ਹਦਾਇਤਾਂ ਪਹੁੰਚਾਉਂਦਾ ਸੀ।
ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨਵਲ ਭਾਰਦਵਾਜ਼ ਉਰਫ਼ ਬਿੱਲਾ ਦੀ ਮਿਤੀ 12.06.2026 ਨੂੰ ਬੀ.ਐੱਮ.ਐੱਸ. ਕਿਸ਼ਨਪੁਰਾ ਚੈੱਕ, ਜਲੰਧਰ ਵਿਖੇ ਹੋਈ ਫਾਇਰਿੰਗ ਦੀ ਵਾਰਦਾਤ ਵਿੱਚ ਸ਼ਮੂਲੀਅਤ ਰਹੀ ਹੈ, ਜਿਸ ਵਿੱਚ ਉਸ ਦਾ ਸਾਥੀ ਕੁਸ਼ ਵਾਸੀ ਜਲੰਧਰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਮਿਤੀ 29.05.2026 ਨੂੰ ਪਿੰਡ ਹਿਓ, ਥਾਣਾ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਫਾਇਰਿੰਗ ਦੀ ਵਾਰਦਾਤ ਵਿੱਚ ਵੀ ਨਵਲ ਭਾਰਦਵਾਜ਼ ਉਰਫ਼ ਬਿੱਲਾ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਸਮੇਂ ਨਿਤਿਸ਼ ਛਾਬੜਾ ਉਰਫ਼ ਲਵ ਵੀ ਉਸ ਦੇ ਨਾਲ ਮੌਜੂਦ ਸੀ, ਜਦਕਿ ਦੋ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਕਤ ਦੋਸ਼ੀ ਇੱਕ ਸੰਗਠਿਤ ਅਪਰਾਧਿਕ ਗਿਰੋਹ ਦੇ ਮੈਂਬਰ ਵਜੋਂ ਕੰਮ ਕਰ ਰਹੇ ਸਨ ਅਤੇ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰਾਂ ਦੇ ਕਹਿਣ ‘ਤੇ ਫਿਰੌਤੀ ਮੰਗਣ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਇਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਹੋਰ ਗੰਭੀਰ ਵਾਰਦਾਤਾਂ ਨੂੰ ਟਾਲਿਆ ਗਿਆ ਹੈ। ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
















