
ਦਾਖਲਾ ਫਾਰਮ 20 ਅਗਸਤ ਤੱਕ ਕਰਵਾਏ ਜਾ ਸਕਦੈ ਜਮ੍ਹਾਂ, 27 ਅਗਸਤ ਨੂੰ ਹੋਵੇਗੀ ਇੰਟਰਵਿਊ
ਚਾਹਵਾਨ ਉਮੀਦਵਾਰਾਂ ਨੂੰ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ
ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਭਾਸ਼ਾ ਅਫ਼ਸਰ ਨਵਨੀਤ ਰਾਏ ਜਲੰਧਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਪਹਿਲੀ ਸਤੰਬਰ 2024 ਤੋਂ ਇਕ ਸਾਲ ਦਾ ਮੁਫ਼ਤ ਪੰਜਾਬੀ ਕੰਪਿਊਟਰ ਟਾਈਪ ਅਤੇ ਪੰਜਾਬੀ ਸ਼ਾਰਟਹੈਂਡ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਦਾਖਲਾ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 20 ਅਗਸਤ ਹੈ ਅਤੇ ਇੰਟਰਵਿਊ 27 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਭਾਸ਼ਾ ਦਫ਼ਤਰ, ਜਲੰਧਰ ਕਮਰਾ ਨੰਬਰ 215, ਦੂਜੀ ਮੰਜ਼ਿਲ, ਤਹਿਸੀ ਕੰਪਲੈਕਸ, ਵਿਖੇ ਹੋਵੇਗੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਇੰਟਰਵਿਊ ਲਈ ਉਮੀਦਵਾਰਾਂ ਨੂੰ ਕੋਈ ਵੱਖਰਾ ਸੱਦਾ ਪੱਤਰ ਨਹੀਂ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ਲਈ ਉਮੀਦਵਾਰ ਲਈ ਦਸਵੀਂ ਵਿੱਚ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਅਤੇ ਵਿੱਦਿਅਕ ਯੋਗਤਾ ਗ੍ਰੈਜੁਏਸ਼ਨ ਹੈ। ਉਨ੍ਹਾਂ ਦੱਸਿਆ ਕਿ ਵੱਧ ਯੋਗਤਾ ਵਾਲੇ ਉਮੀਦਵਾਰ ਨੂੰ ਮੈਰਿਟ ਅਨੁਸਾਰ ਤਰਜੀਹ ਦਿੱਤੀ ਜਾਵੇਗੀ । ਉਨ੍ਹਾਂ ਪੰਜਾਬੀ ਕੰਪਿਊਟਰ ਟਾਈਪ ਅਤੇ ਪੰਜਾਬੀ ਸ਼ਾਰਟਹੈਂਡ ਦਾ ਕੋਰਸ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਸੱਦਾ ਦਿੱਤਾ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
















