
ਦੋ ਅਲੱਗ ਅਲੱਗ ਘਟਨਾਵਾਂ ਕਤਲ ਦੀਆਂ ਅਤੇ ਇੱਕ ਕੇਸ ਗੋਲੀ ਚੱਲਣ ਦਾ, ਜਿਸ ‘ਚ ਤਿੰਨ ਜਣੇ ਹੋਏ ਸਨ ਗੰਭੀਰ ਜਖਮੀ – ਫਰਾਂਸ ਪੁਲਿਸ ਦੀ ਰਿਪੋਰਟ
ਪੈਰਿਸ, (PRIME INDIAN NEWS) :- ਅੱਜ 21 ਸਤੰਬਰ ਨੂੰ ਦੁਨੀਆਂ ਭਰ ਵਿੱਚ ਸ਼ਾਂਤੀ ਦਿਵਸ ਮਨਾਇਆ ਜਾ ਰਿਹਾ ਹੈ, ਇਸ ਸ਼ੁੱਭ ਦਿਹਾੜੇ ਤੇ ਜ਼ੇਕਰ ਗੰਭੀਰਤਾ ਨਾਲ ਪੜਚੋਲ ਕੀਤੀ ਜਾਵੇ ਤਾਂ, ਫਰਾਂਸ ਵਿੱਚ ਹੋਰਨਾਂ ਯੂਰਪੀਅਨ ਦੇਸ਼ਾਂ ਦੇ ਮੁਕਾਬਲੇ ਕਰਾਈਮ ਬਹੁਤ ਪ੍ਰਫੁਲਤ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਰਪ ਦੀ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।
ਸ. ਭੱਟੀ ਨੇ ਕਿਹਾ ਕਿ ਦੱਬੀ ਜੁਬਾਨ ‘ਚ ਤਾਂ ਬਹੁਤ ਸਾਰੇ ਭਾਰਤੀ, ਗੁਫਤਗੂ ਕਰਦੇ ਰਹਿੰਦੇ ਹਨ, ਐਪਰ ਖੁੱਲ ਕੇ ਕੋਈ ਵੀ ਵਿਅਕਤੀ ਟਾਰਗਟ ਬਣਨਾ ਨਹੀਂ ਚਾਹੁੰਦਾ, ਇਹੋ ਹਾਲ ਫਰਾਂਸ ਵਿੱਚ ਵੱਸਦੇ ਪੰਜਾਬੀਆਂ ਦਾ ਵੀ ਹੈ, ਕੋਈ ਵੀ ਸਾਹਮਣੇ ਆਉਣ ਦੀ ਹਿੰਮਤ ਨਹੀਂ ਦਿਖਾਉਂਦਾ, ਵੈਸੇ ਵੀ ਰਾਹ ਜਾਂਦੀ ਲੜਾਈ ਵਿੱਚ ਕੋਈ ਨਹੀਂ ਕੁੱਦਦਾ, ਇਹ ਸਮਾਜਿਕ ਸਚਾਈ ਹੈ।
ਸ. ਭੱਟੀ ਨੇ ਕਿਹਾ ਕਿ ਇਹ ਸਾਰਾ ਕੁਝ ਜੋ ਮੈਂ ਲਿਖਿਆ ਹੈ, ਇਹ ਫਰਾਂਸ ਦੇ ਸਿਰਕੱਢ ਵਿਆਕਤੀਆਂ ਦੇ ਦਿਲਾਂ ਦੀ ਸੋਚ ਹੈ, ਉਹ ਦਿਨੋਂ ਦਿਨ ਹੋ ਰਹੇ ਕਤਲਾਂ, ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਚਿੰਤਤ ਤਾਂ ਬਹੁਤ ਹਨ, ਐਪਰ ਹਰੇਕ ਆਦਮੀ ਨੇ ਆਪਣੇ ਪ੍ਰੀਵਾਰ ਵੀ ਪਾਲਣੇ ਹਨ, ਇਸ ਕਰਕੇ ਕਾਤਲਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦੇ ਵਿਰੁੱਧ ਬੋਲਣਾ, ਮੌਤ ਨੂੰ ਆਵਾਜ ਮਾਰਨ ਦੇ ਬਰਾਬਰ ਹੀ ਹੈ।
ਸ. ਭੱਟੀ ਨੇ ਦੱਸਿਆ ਕਿ ਸਿਰਫ ਇੱਕੋ ਸਾਲ ਵਿੱਚ ਗੋਲੀ ਨਾਲ, ਵਿੱਕੀ ਕਾਲੇ ਬਾਗੜੀਆਂ ਵਾਲੇ ਦੀ ਮੌਤ, ਫਿਰ ਇੱਕ ਪੰਜਾਬੀ ਰੈਸਟੋਰੈਂਟ ਦੇ ਬਾਹਰ ਗੋਲੀ ਚੱਲਣ ਨਾਲ ਤਿੰਨ ਜਣਿਆਂ ਦਾ ਗੰਭੀਰ ਜਖਮੀ ਹੋਣਾ ਤੇ ਆ ਹੁਣ ਅਰਜੁਨ ਨਾਮਕ 22 ਸਾਲਾ ਪੰਜਾਬੀ ਨੌਜੁਆਨ ਦੀ ਮੌਤ। ਜੋਕਿ ਫਰਾਂਸ ਪੁਲਿਸ ਦੀ ਰਿਪੋਰਟ ਹੈ।
ਹੁਣ ਸੁਆਲ ਉੱਠਦਾ ਹੈ ਕਿ ਇਨ੍ਹਾਂ ਨੌਜੁਆਨਾਂ ਨੂੰ ਸਮਝਾਵੇ ਕੌਣ, ਰਸਤੇ ਤੋਂ ਭਟਕ ਚੁੱਕੇ ਇਹ ਨੌਜੁਆਨ ਸਾਡੇ ਹੀ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾਂ ਨੂੰ ਪਿਆਰ ਸਾਹਿਤ ਸਮਝਾਉਣਾ ਸਾਡਾ ਫਰਜ ਬਣਦਾ ਹੈ, ਜੇਕਰ ਅਸੀਂ ਸਾਰੇ ਜਣੇ ਰਲ ਮਿਲ ਕੇ ਇਨ੍ਹਾਂ ਨੂੰ ਥੋੜਾ ਬਹੁਤ ਸਮਝਾਉਣ ਵਿੱਚ ਕਾਮਯਾਬ ਹੋ ਗਏ, ਜਾਂ ਫਿਰ ਇਹ ਆਪਣੇ ਆਪ ਸਮਝ ਗਏ ਤਾਂ, ਇਸ ਨਾਲ ਕਰਾਈਮ ਵੀ ਘਟੇਗਾ ਅਤੇ ਨੌਜੁਆਨਾਂ ਦੀਆਂ ਜਿੰਦਗੀਆਂ ਵੀ ਬਚ ਜਾਣਗੀਆਂ, ਬੱਸ ਲੋੜ ਹੈ ਸ਼ਾਤੀ ਦਿਵਸ ਦੇ ਦਿਹਾੜੇ ਤੇ ਪ੍ਰਣ ਕਰਨ ਦੀ ਕਿ ਆਪਾਂ ਸਾਰਿਆਂ ਨੇ ਭਵਿੱਖ ਨੂੰ ਉਜਵਲ ਬਣਾਉਣਾ ਹੈ।
















