ਜਲੰਧਰ, ਐਚ ਐਸ ਚਾਵਲਾ। ਸ਼੍ਰੀ ਕਰਨੈਲ ਸਿੰਘ, ਪੀ.ਪੀ.ਐਸ ACP HQ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16.09.2026 ਨੂੰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਖੇ ਸੂਚਨਾ ਪ੍ਰਾਪਤ ਹੋਈ ਕਿ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਨੇੜੇ ਝੁੱਗੀਆਂ ਵਿੱਚੋਂ ਇੱਕ ਲਗਭਗ ਇੱਕ ਸਾਲਾ ਬੱਚਾ ਗੁੰਮ ਹੋ ਗਿਆ ਹੈ।
ਸੂਚਨਾ ਮਿਲਣ ਉਪਰੰਤ ਡਿਊਟੀ ਅਫਸਰ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਪੁੱਛਗਿੱਛ ਕੀਤੀ ਗਈ। ਮੌਕੇ ’ਤੇ ਮੌਜੂਦ ਬੱਚੇ ਦੇ ਪਿਤਾ ਸ਼ੰਕਰ ਨੇ ਦੱਸਿਆ ਕਿ ਉਸਦਾ ਬੱਚਾ ਗੁੰਮ ਹੈ ਅਤੇ ਆਮ ਤੌਰ ’ਤੇ ਬੱਚਾ ਉਸਦੀ ਪਤਨੀ ਕੋਲ ਰਹਿੰਦਾ ਸੀ। ਪੁਲਿਸ ਵੱਲੋਂ ਬੱਚੇ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਬੱਚੇ ਦੀ ਮਾਤਾ ਮਮਤਾ ਉਥੋਂ ਚਲੀ ਗਈ ਅਤੇ ਵਾਪਸ ਨਹੀਂ ਆਈ। ਇਸ ’ਤੇ ਸ਼ੰਕਰ ਵੱਲੋਂ ਆਪਣੀ ਪਤਨੀ ’ਤੇ ਸ਼ੱਕ ਜ਼ਾਹਿਰ ਕੀਤਾ ਗਿਆ। ਇਸ ਸਬੰਧੀ ਰੋਜ਼ਨਾਮਚਾ ਵਿੱਚ ਰਪਟ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮਮਤਾ ਆਪਣੇ ਪੇਕੇ ਪਰਿਵਾਰ, ਜੋ ਕਿ ਬਿਹਾਰ ਵਿੱਚ ਰਹਿੰਦਾ ਹੈ, ਕੋਲ ਚਲੀ ਗਈ ਸੀ। ਪੁਲਿਸ ਵੱਲੋਂ ਉਸਦੇ ਪਿਤਾ ਨਾਲ ਸੰਪਰਕ ਕਰਕੇ ਉਸਨੂੰ ਵਾਪਸ ਬੁਲਾਇਆ ਗਿਆ। ਮਮਤਾ ਦੇ ਬਿਹਾਰ ਤੋਂ ਵਾਪਸ ਆਉਣ ਉਪਰੰਤ ਸ਼ੰਕਰ ਵੱਲੋਂ ਪੁਲਿਸ ਨੂੰ ਮੁੜ ਸੂਚਿਤ ਕੀਤਾ ਗਿਆ ਕਿ ਉਸਦਾ ਬੱਚਾ ਹਾਲੇ ਵੀ ਗੁੰਮ ਹੈ ਅਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 1 ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਭਾਲ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
















