ਦੋਸ਼ੀ ਕਪੂਰਥਲਾ ਖੇਤਰ ਤੋਂ ਹੈਰੋਇਨ ਲਿਆ ਕੇ ਮਕਸੂਦਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰਦਾ ਸੀ ਸਪਲਾਈ
ਜਲੰਧਰ, ਐਚ ਐਸ ਚਾਵਲਾ। ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 102 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ PPS ਨੇ ਦੱਸਿਆ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਿਨੀਤ ਆਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫ਼ਤੀਸ਼) ਅਤੇ ਲਖਵਿੰਦਰ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ (ਤਫਤੀਸ਼) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 102 ਗ੍ਰਾਮ ਹੈਰੋਇਨ ਬਰਾਮਦ ਕੀਤੀ।
SSP ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 14 ਜੁਲਾਈ 2026 ਨੂੰ ਸੀ.ਆਈ.ਏ. ਸਟਾਫ਼ ਦੀ ਟੀਮ, ਜਿਸ ਦੀ ਅਗਵਾਈ ਬਲਵਿੰਦਰ ਸਿੰਘ ਕਰ ਰਹੇ ਸਨ, ਥਾਣਾ ਮਕਸੂਦਾਂ ਦੇ ਇਲਾਕੇ ਵਿੱਚ ਗਸ਼ਤ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਅੱਡਾ ਬਿਧੀਪੁਰ ਨੇੜੇ ਇੱਕ ਮੋਟਰਸਾਈਕਲ ਸਵਾਰ ਗਲਤ ਦਿਸ਼ਾ ਤੋਂ ਆਉਂਦਾ ਦਿਖਾਈ ਦਿੱਤਾ। ਪੁਲਿਸ ਨਾਕਾ ਦੇਖ ਕੇ ਉਹ ਘਬਰਾ ਗਿਆ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ। ਸ਼ੱਕ ਹੋਣ ‘ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਦੇ ਹੀਰੋ ਡੀਲਕਸ ਮੋਟਰਸਾਈਕਲ ਨੰਬਰ PB09-AN-6663 ਦੀ ਟੂਲਕਿੱਟ ਵਿੱਚ ਲੁਕਾ ਕੇ ਰੱਖੀ 102 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਦਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਡੋਗਰਾਵਾਲ, ਥਾਣਾ ਸੁਭਾਨਪੁਰ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ। ਇਸ ਸਬੰਧ ਵਿੱਚ ਥਾਣਾ ਮਕਸੂਦਾਂ, ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਐਫ਼.ਆਈ.ਆਰ. ਨੰਬਰ 111 ਮਿਤੀ 14.07.2026 ਅਧੀਨ ਧਾਰਾ 21(ਬੀ), 61 ਅਤੇ 85 ਨੜਪਸ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਹ ਆਪਣੇ ਪਿੰਡ ਵਿੱਚ ਇੱਕ ਮੈਡੀਕਲ ਸਟੋਰ ‘ਤੇ ਕੰਮ ਕਰਦਾ ਸੀ ਅਤੇ ਜਲਦੀ ਪੈਸਾ ਕਮਾਉਣ ਦੀ ਲਾਲਸਾ ਵਿੱਚ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੋ ਗਿਆ। ਉਹ ਕਥਿਤ ਤੌਰ ‘ਤੇ ਕਪੂਰਥਲਾ ਖੇਤਰ ਤੋਂ ਸਸਤੇ ਭਾਅ ‘ਤੇ ਹੈਰੋਇਨ ਲਿਆ ਕੇ ਮਕਸੂਦਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।
SSP ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਬਰਾਮਦ ਹੈਰੋਇਨ ਦੇ ਸਰੋਤ, ਇਸ ਦੇ ਖਰੀਦਦਾਰਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰੇਗੀ। ਇਸ ਤੋਂ ਇਲਾਵਾ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਤੋਂ ਕਮਾਈ ਗਈ ਕਿਸੇ ਵੀ ਚੱਲ ਜਾਂ ਅਚੱਲ ਜਾਇਦਾਦ ਨੂੰ ਕਾਨੂੰਨ ਅਨੁਸਾਰ ਅਟੈਚ ਕਰਨ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
















