
08 SI, 15 ASI ਅਤੇ 08 HC ਨੂੰ ਦਰਜਾ-1 ਸਰਟੀਫਿਕੇਟ ਤੇ 02 ਲੱਖ 11 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ
ਜਲੰਧਰ, ਐਚ ਐਸ ਚਾਵਲਾ। ਅੱਜ ਪੁਲਿਸ ਲਾਈਨ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਜੀ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪਿਛਲੇ 01 ਮਹੀਨੇ ਵਿੱਚ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਤੇ ਲਗਨ ਨਿਭਾਉਣ ਵਾਲੇ 31 ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।

ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਹੌਸਲਾ ਅਫਜਾਈ ਲਈ ਇੱਕ-ਇੱਕ ਦਰਜਾ-1 ਸਰਟੀਫਿਕੇਟ ਤੇ ਕੁੱਲ 02 ਲੱਖ 11 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ, ਇਨ੍ਹਾਂ ਵਿੱਚ 08 ਸਬ-ਇੰਸਪੈਕਟਰ, 15 ਅਸਿਸਟੈਂਟ ਸਬ-ਇੰਸਪੈਕਟਰ ਅਤੇ 08 ਹੈੱਡ ਕਾਂਸਟੇਬਲ, ਕੁੱਲ 31 ਪੁਲਿਸ ਅਧਿਕਾਰੀ ਸ਼ਾਮਲ ਸਨ।

ਉਹਨਾਂ ਨੇ ਪੁਲਿਸ ਅਧਿਕਾਰੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ “ਸਾਡੇ ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੀ ਡਿਊਟੀ ਬਹੁਤ ਮਿਹਨਤ, ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਈ ਹੈ, ਇਸ ਨਾਲ ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਮਿਲੀ ਹੈ, ਇਨ੍ਹਾਂ ਸਾਰਿਆਂ ਦੀ ਕਾਰ-ਗੁਜ਼ਾਰੀ ਕਮਿਸ਼ਨਰੇਟ ਪੁਲਿਸ ਦੇ ਨਸ਼ਿਆਂ ਖਤਮ ਕਰਨ ਦੇ ਮਜਬੂਤ ਇਰਾਦੇ ਨੂੰ ਦਰਸਾਉਂਦੀ ਹੈ ਤੇ ਇੱਕ ਨਸ਼ਾ-ਮੁਕਤ ਸਮਾਜ ਬਣਾਉਣ ਦੇ ਵਾਅਦੇ ਨੂੰ ਹੋਰ ਪੱਕਾ ਕਰਦੀ ਹੈ।”
ਇਸ ਸਮਾਰੋਹ ਦੌਰਾਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਵੀ ਹਾਜ਼ਰ ਸਨ, ਉਨ੍ਹਾਂ ਨੇ ਵੀ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਆਪਣੀ ਡਿਊਟੀ ਹੋਰ ਜਿਆਦਾ ਮਿਹਨਤ ਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ।
















