ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਨੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫਤਾਰ, ਘਰ ਵਿੱਚੋਂ ਦੱਬੀ ਲਾਸ਼ ਬਰਾਮਦ

ਜਲੰਧਰ, ਐਚ ਐਸ ਚਾਵਲਾ। ਸ.ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਵੱਲੋਂ ਗੰਭੀਰ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਵਿਨੀਤ ਅਹਿਲਾਵਤ, ਆਈ.ਪੀ.ਐੱਸ, ਪੁਲਿਸ ਕਪਤਾਨ ਤਫਤੀਸ਼ ਅਤੇ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਬ ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਧੁਨਿਕ ਅਤੇ ਟੈਕਨੀਕਲ ਤਰੀਕਿਆਂ ਨਾਲ ਦੋਸ਼ੀ ਗੁਰਦੇਵ ਸਿੰਘ ਪੁੱਤਰ ਗਹਿਲ ਸਿੰਘ ਵਾਸੀ ਪਿੰਡ ਪਛਾੜੀਆ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਪਿੰਡ ਗਾਂਧਰਾ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਨੇ ਦੱਸਿਆ ਕਿ ਮਿਤੀ 01.04.2026 ਨੂੰ ਅਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਉਸਦਾ ਚਾਚਾ ਅਮਰਜੀਤ ਸਿੰਘ ਪੁੱਤਰ ਅਜਮੇਰ ਸਿੰਘ, ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ (ਉਮਰ ਕਰੀਬ 45 ਸਾਲ) ਜੋ ਲਗਭਗ 20 ਸਾਲ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ, ਨਵੰਬਰ 2025 ਤੋਂ ਘਰ ਨਹੀਂ ਆਇਆ। ਸ਼ੱਕ ਦੇ ਆਧਾਰ ‘ਤੇ ਗੁਰਦੇਵ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 63 ਮਿਤੀ 01.04.2026 ਅਧੀਨ ਧਾਰਾ 103, 238 BNS ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤਾ ਗਿਆ।

ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ 13.11.2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਆਪਣੇ ਘਰ ਵਿੱਚ ਬਾਥਰੂਮ ਨੇੜੇ ਲਗਭਗ 5-6 ਫੁੱਟ ਡੂੰਘਾ ਖੱਡਾ ਖੋਦ ਕੇ ਬੋਰੇ ਵਿੱਚ ਪਾ ਕੇ ਦੱਬ ਦਿੱਤਾ ਸੀ।

ਅੱਜ ਡਿਊਟੀ ਮੈਜਿਸਟ੍ਰੇਟ ਸ੍ਰੀ ਪਵਨਦੀਪ ਸਿੰਘ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਪਿੰਡ ਗਾਂਧਰਾ ਵਿਖੇ ਉਸਦੇ ਘਰ ਤੋਂ ਬਾਥਰੂਮ ਨੇੜੇ ਖੁਦਾਈ ਕਰਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ। ਇਸ ਮੌਕੇ ਪਿੰਡ ਗਾਂਧਰਾ ਅਤੇ ਮਲਸੀਆਂ ਪੱਤੀ ਅਕਲਪੁਰ ਦੀਆਂ ਪੰਚਾਇਤਾਂ ਵੀ ਮੌਜੂਦ ਸਨ।

ਲਾਸ਼ ਦਾ ਪੋਸਟਮਾਰਟਮ ਡਾਕਟਰੀ ਟੀਮ ਦੇ ਬੋਰਡ ਰਾਹੀਂ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਡੀਐਨਏ ਸੈਂਪਲ ਵੀ ਲਏ ਜਾਣਗੇ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।

Related Articles

Leave a Reply

Your email address will not be published. Required fields are marked *

Back to top button