
ਦਰਸ਼ਕਾਂ ਦੇ ਮਨੋਰੰਜਨ ਵਾਸਤੇ ਇਸ ਫੈਡਰੇਸ਼ਨ ਵਿੱਚ ਇਸ ਵਾਰ ਲਹਿੰਦੇ ਅਤੇ ਚੜਦੇ ਪੰਜਾਬ ਦੇ ਨਾਮਵਰ ਖਿਡਾਰੀਆਂ ਦੀਆਂ 8 ਟੀਮਾਂ ਆਪੋ ਆਪਣੇ ਕਲੱਬ ਵਾਸਤੇ ਕਰਨਗੀਆਂ ਵਧੀਆ ਖੇਡ ਦਾ ਪ੍ਰਦਰਸ਼ਨ – ਹਰਦੀਪ/ਭੂਰਾ/ਆਮਿਰ/ਸੋਨੀ ਖੱਖ
ਪੈਰਿਸ, (PRIME INDIAN NEWS) :- ਇਸ ਸਾਲ ਹੋਂਦ ਵਿੱਚ ਆਈ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾਂ ਦੀ ਇੱਕ ਹੰਗਾਮੀ ਮੀਟਿੰਗ ਪੈਰਿਸ ‘ਚ ਪੈਂਦੇ ਮੁਮਤਾਜ ਰੈਸਟੋਰੈਂਟ ਵਿਖ਼ੇ ਹੋਈ, ਜਿਸ ਵਿੱਚ ਯੂਰਪ ਦੇ 11 ਕਲੱਬਾਂ ਨੇ ਭਾਗ ਲਿਆ। ਇਹ ਮੀਟਿੰਗ ਬਹੁਤ ਹੀ ਸੁਹਾਵਣੇ ਅਤੇ ਸ਼ਾਂਤਮਈ ਮਾਹੌਲ ਵਿੱਚ ਹੋਈ।
ਫੈਡਰੇਸ਼ਨ ਵੱਲੋਂ, ਮੌਕੇ ਤੇ ਹਾਜਿਰ ਕਲੱਬਾਂ ਦੇ ਪ੍ਰਮੋਟਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਮਗਰੋਂ, ਸਾਂਝੇ ਤੌਰ ਤੇ ਲਏ ਗਏ ਫੈਸਲਿਆਂ ਮੁਤਾਬਿਕ ਇਸ ਵਾਰ ਚੋਟੀ ਦੀਆਂ 8 ਟੀਮਾਂ ਬਣਾਈਆਂ ਜਾਣਗੀਆਂ। ਹਰੇਕ ਕਲੱਬ ਆਪਣੀ ਟੀਮ ਵਿੱਚ ਭਾਰਤ ਤੋਂ 7 ਖਿਡਾਰੀ ਹੀ ਮੰਗਵਾ ਸਕੇਗਾ। ਸੱਤਾਂ ਵਿੱਚੋਂ 3 ਉਨ੍ਹਾਂ ਖਿਡਾਰੀਆਂ ਨੂੰ ਵੀ ਚੁਣਨਾ ਪਵੇਗਾ, ਜਿਹੜੇ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਖੇਡੇ, ਤਾਂ ਕਿ ਉਨ੍ਹਾਂ ਨੂੰ ਵੀ ਬਾਹਰ ਆਉਣ ਦਾ ਮੌਕਾ ਮਿਲ ਸਕੇ।

ਇੱਕ ਹੋਰ ਫੈਸਲੇ ਮੁਤਾਬਿਕ ਇਸ ਵਾਰ ਦੇ ਖੇਡ ਮੇਲਿਆਂ ਦੇ ਟੂਰਨਾਮੈਂਟ ਜੂਨ ਦੇ ਅਖੀਰਲੇ ਐਤਵਾਰ ਤੋਂ ਸ਼ੁਰੂ ਹੋ ਕੇ ਸਤੰਬਰ ਦੇ ਦੂਸਰੇ ਐਤਵਾਰ ਤੱਕ ਖੇਡੇ ਜਾਣਗੇ। ਇਸ ਮੀਟਿੰਗ ਵਿੱਚ ਪਹੁੰਚਣ ਵਾਲੇ ਪ੍ਰਮੋਟਰਾਂ ਵਿੱਚ, ਹਰਵਿੰਦਰ ਸਿੰਘ ਹੌਲੈਂਡ, ਭੂਰਾ ਬੈਲਜੀਅਮ, ਹਰਦੀਪ ਸਿੰਘ ਇਟਲੀ, ਸੋਨੀ ਖੱਖ ਇਟਲੀ, ਫਰਾਂਸ ਤੋਂ ਬਸੰਤ ਸਿੰਘ ਪੰਜਹੱਥਾ, ਰਘੁਬੀਰ ਸਿੰਘ ਕੋਹਾੜ, ਇਕਬਾਲ ਸਿੰਘ ਭੱਟੀ, ਸੰਦੀਪ ਸਿੰਘ ਕੋਚ ਅਤੇ ਸਪੇਨ ਤੋਂ ਸ਼ਾਨੀ ਬੱਟ ਆਦਿ ਦੇ ਨਾਮ ਵਰਨਣ ਯੋਗ ਹਨ। ਬਾਕੀ ਇਸ ਵਾਰ ਇਸ ਫੈਡਰੇਸ਼ਨ ਵਿੱਚ ਚੜਦੇ ਪੰਜਾਬ ਦੇ ਖਿਡਾਰੀਆਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਖਿਡਾਰੀ ਵੀ ਭਾਗ ਲੈ ਸਕਣਗੇ, ਤਾਂ ਕਿ ਯੂਰਪ ‘ਚ ਰਹਿੰਦੇ ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਭਾਈਚਾਰਿਆਂ ਦੀ ਆਪਸੀ ਸਾਂਝ ਵਿੱਚ ਹੋਰ ਵਾਧਾ ਹੋ ਸਕੇ।
















