
ਸਾਡਾ ਸਾਰਾ ਇਲਾਕਾ ਅਤੇ ਸਾਡਾ ਸਮੂਹ ਪਰਿਵਾਰ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹਾ ਸੀ, ਖੜਾ ਹੈ ਅਤੇ ਖੜਾ ਰਹੇਗਾ – ਸਰਪੰਚ ਬਲਵਿੰਦਰ ਸਿੰਘ ਕਰਨੈਲਗੰਜ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਦੇ ਜਨਰਲ ਸੈਕਟਰੀ ਸ. ਸੁਰਜੀਤ ਸਿੰਘ ਮਾਣਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੰਡ ਕਰਨੈਲਗੰਜ ਦੇ ਸਰਪੰਚ ਅਤੇ ਅਕਾਲੀ ਦਲ ਦੇ ਸਿਰਕੱਢ ਨੇਤਾ ਸ. ਬਲਵਿੰਦਰ ਸਿੰਘ ਨੇ ਸ. ਬਿਕਰਮਜੀਤ ਸਿੰਘ ਮਜੀਠੀਆ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੇ ਪੰਜਾਬ ਦੇ ਪ੍ਰਸ਼ਾਸਨ ਨੇ ਝੂਠੇ ਕੇਸ ਵਿੱਚ ਫਸਾਇਆ ਹੋਇਆ ਸੀ, ਨੂੰ ਸੁਪਰੀਮ ਕੋਰਟ ਵਿੱਚੋਂ ਜਮਾਨਤ ਮਿਲਣ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ ਅਤੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਜਿਤਨੇ ਮਰਜੀ ਅਕਾਲੀਆਂ ‘ਤੇ ਸ. ਮਜੀਠੀਆ ਵਾਂਗ ਝੂਠੇ ਕੇਸ ਦਰਜ ਕਰਵਾ ਲਵੋ, ਐਪਰ ਸਾਡੇ ਵਰਕਰ ਅਤੇ ਲੀਡਰ ਨਾ ਤਾਂ ਕਿਸੇ ਕੋਲੋਂ ਡਰਦੇ ਹਨ ਅਤੇ ਨਾ ਹੀ ਕਿਸੇ ਦੀ ਪਰਵਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦ ਜਦ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਦੋਂ ਕਦੇ ਵੀ ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਗਈ ਪਰ ਜਿਹੜੀ ਭਾਜੀ ਤੁਸੀ ਸਾਡੇ ਨਾਲ ਪਾ ਰਹੇ ਹੋ, ਇਸਨੂੰ ਜਦੋਂ ਵੀ ਮੋੜਨ ਦਾ ਸਮਾਂ ਆਇਆ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊ ਕਿ ਕੀ ਭਾਅ ਵਿਕਦੀ ਹੈ, ਬੱਸ ਅਕਾਲੀਆਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ।
ਸਰਪੰਚ ਬਲਵਿੰਦਰ ਸਿੰਘ ਕਰਨੈਲਗੰਜ ਨੇ ਕਿਹਾ ਕਿ ਸਾਡਾ ਸਾਰਾ ਇਲਾਕਾ ਅਤੇ ਸਾਡਾ ਸਮੂਹ ਪਰਿਵਾਰ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਪਹਿਲਾਂ ਵੀ ਚਟਾਨ ਵਾਂਗ ਖੜ੍ਹਾ ਸੀ, ਖੜ੍ਹਾ ਹੈ ਅਤੇ ਅਗੇ ਵੀ ਹਮੇਸ਼ਾਂ ਲਈ ਖੜ੍ਹਾ ਰਹੇਗਾ ਅਤੇ ਅਸੀ ਪੂਰਨ ਵਿਸ਼ਵਾਸ਼ ਨਾਲ ਇਹ ਕਹਿੰਦੇ ਹਾਂ ਕਿ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸਸ਼ੀਲ ਅਤੇ ਖੁਸ਼ਹਾਲੀ ਵਾਲੀ ਨਿਰੋਲ ਪੰਥਕ ਸਰਕਾਰ ਬਣਾਉਣਗੇ।
















