ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋਂ ਲਗਾਏ ਗਏ ਇੰਟਰਨੈਸ਼ਨਲ ਗੁਰਮਤਿ ਕੈਂਪ ਦੇ 13ਵੇਂ ਦਿਨ ਬੱਚਿਆਂ ਦੀ ਗਿਣਤੀ 200 ਤੋਂ ਵੱਧ – ਜੋਗਿੰਦਰ ਸਿੰਘ ਡਰਾਂਸੀ
ਇਸ ਵਾਰ ਯੂਰਪ ਦੇ ਦੇਸ਼ਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਆਇਆ ਪ੍ਰੀਵਾਰ – ਬਸੰਤ ਸਿੰਘ ਪੰਜਹੱਥਾ
ਪੈਰਿਸ, (PRIME INDIAN NEWS) :- ਜਥੇਦਾਰ ਗੁਰਦਿਆਲ ਸਿੰਘ ਦੇ ਸਮੂਹ ਪ੍ਰੀਵਾਰ ਵਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਰੇ ਪੰਜਾਬ ਕੰਪਲੈਕਸ ਵਿਖ਼ੇ ਇੰਟਰਨੈਸ਼ਨਲ ਗੁਰਮਤਿ ਕੈਂਪ ਲਗਾਇਆ ਗਿਆ ਹੈ ਜਿਸਦਾ ਕਿ ਅੱਜ ਤੇਰ੍ਹਵਾਂ ਦਿਨ ਹੈ। ਇਸ ਗੁਰਮਤਿ ਕੈਂਪ ਵਿੱਚ ਇਸ ਵਾਰ ਵੱਖ ਵੱਖ ਦੇਸ਼ਾਂ ਤੋਂ ਪਰਿਵਾਰਾਂ ਸਾਹਿਤ ਆਏ ਹੋਏ ਬੱਚਿਆਂ ਦੀ ਗਿਣਤੀ 200 ਤੋਂ ਵਧੇਰੇ ਹੋ ਗਈ ਹੈ।



ਇਸ ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ, ਗੱਤਕਾ, ਸਹਿਜ ਪਾਠ, ਗੁਰਬਾਣੀ ਕੰਠ ਮੁਕਾਬਲੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਗਰੁੱਪ ਬਣਾ ਕੈ, ਗੁਰਬਾਣੀ ਪੜ੍ਹਨੀ ਅਤੇ ਲਿਖਣੀ, ਪੰਜਾਬੀ ਬੋਲਣੀ ਅਤੇ ਲਿਖਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸੁੱਖ ਆਸਣ ਕਿਵੇਂ ਕਰਨਾ ਹੈ, ਦੁਮਾਲਾ ਬੰਨਣਾ, ਹਾਰਮੋਨੀਅਮ ਅਤੇ ਤਬਲਾ ਵਜਾਉਣਾ ਆਦਿ ਧਾਰਮਿਕ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ।
ਹਫਤੇ ਦੇ ਅਖੀਰਲੇ ਦਿਨਾਂ ਵਿੱਚ ਬੱਚਿਆਂ ਨੂੰ ਪਾਰਕਾਂ ਵਿਖ਼ੇ ਘੁਮਾਇਆ ਵੀ ਜਾਂਦਾ ਹੈ ਤਾਂ ਕਿ ਬੱਚੇ ਖੁਸ਼ ਰਹਿ ਸਕਣ। ਵੱਖੋ ਵੱਖ ਧਾਰਮਿਕ ਸਿੱਖਿਆਵਾਂ ਵਿੱਚੋਂ ਅਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਂਦੇ ਹਨ। ਬਾਹਰੋਂ ਆਏ ਪਰਿਵਾਰਾਂ ਵਾਸਤੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਹੀ ਕੀਤਾ ਜਾਂਦਾ ਹੈ। ਉੱਚ ਸਿਖਿਆ ਪ੍ਰਾਪਤ ਅਧਿਆਪਕ, ਜਿਨ੍ਹਾਂ ਦੀ ਚੋਣ ਵੀ ਅਕੈਡਮੀ ਦੇ ਪ੍ਰਬੰਧਕ ਕਰਦੇ ਹਨ, ਨੂੰ ਭਾਰਤ ਅਤੇ ਯੂਰਪੀਅਨ ਦੇਸ਼ਾਂ ਤੋਂ ਮੰਗਵਾ ਕੈ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।
ਸਿੱਖ ਕੌਮ ਦੀ ਸ਼ਾਨ, ਪੰਥ ਵਾਸਤੇ ਆਪਾ ਵਾਰਨ ਵਾਲੇ, ਗੁਰਬਾਣੀ ਦੇ ਗਿਆਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਇਸ ਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਵਾਸਤੇ ਪਹੁੰਚ ਚੁੱਕੇ ਹਨ, ਜਿਹੜੇ ਕਿ ਇਸ ਵਕਤ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਗੁਰਸਿੱਖੀ ਅਤੇ ਗੁਰਬਾਣੀ ਦੇ ਅਥਾਹ ਸਾਗਰ ਦਾ ਗਿਆਨ ਸੰਗਤਾਂ ਨੂੰ ਦੇ ਰਹੇ ਹਨ।
ਇਸ ਗੁਰਮਤਿ ਕੈਂਪ ਦੀ ਸਮਾਪਤੀ 15 ਅਗਸਤ ਨੂੰ ਹੋਣ ਜਾ ਰਹੀ ਹੈ। ਇਨਾਮ ਵੰਡ ਸਮਾਰੋਹ ਵਾਲੇ ਦਿਨ ਭਾਈ ਰਣਜੀਤ ਸਿੰਘ ਜੀ, ਜਿੱਥੇ ਬੱਚਿਆਂ ਨੂੰ ਇਨਾਮ ਵੰਡਣਗੇ, ਉੱਥੇ ਹੀ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ।
















