
ਕਿਹਾ – ਕੈਪਟਨ ਨੇ ਗੁਟਕਾ ਸਾਹਿਬ ਦੀ ਸੋਂਹ ਚੁੱਕ ਕੇ ਅਤੇ ਕੇਜਰੀਵਾਲ ਨੇ ਹਫਤੇ ‘ਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਕੇ ਪੰਜਾਬੀਆਂ ਨਾਲ ਕੀਤਾ ਖਿਲਵਾੜ – ਕੌੜਾ ਸੱਚ
ਕਿਹਾ – ਉਪਰੋਕਤ ਦੋਹਾਂ ਛਾਤਿਰ ਸਿਆਸਤਦਾਨਾਂ ਕੋਲ਼ੋਂ ਨਾਂ ਤਾਂ ਨਸ਼ੇ ਕੰਟਰੋਲ ਹੋਏ ਅਤੇ ਨਾ ਹੀ ਹੁਣ ਤੱਕ ਬੇਅਦਬੀਆਂ ਦੇ ਦੋਸ਼ੀ ਫੜੇ ਗਏ – ਸਿਆਸੀ ਠੱਗੀ
ਕਿਹਾ – ਹੁਣ ਤੀਸਰੀ ਵਿਰੋਧੀ ਧਿਰ ਦੇ ਹੱਥਾਂ ‘ਚ ਖੇਡ ਕੇ ਅਕਾਲੀ ਦਲ ਨੂੰ ਖ਼ਤਮ ਕਰਨ ਦਾ ਆਪਣੇ ਹੀ ਬਣ ਰਹੇ ਹਨ ਸਬੱਬ – ਸਿਆਸੀ ਪੜਚੋਲ
ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਅਕਾਲੀ ਦਲ ਦੇ ਅਜੋਕੇ ਹਾਲਾਤਾਂ ਦੀ ਪੜਚੋਲ ਕਰਦੇ ਹੋਏ ਕਿਹਾ ਕਿ ਮੈਨੂੰ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਸਾਥੀਆਂ ਦੀ ਇਹ ਗੱਲ ਸੁਣ ਕੇ ਅਚੰਭਾ ਜਿਹਾ ਮਹਿਸੂਸ ਹੁੰਦਾ ਹੈ, ਜਦ ਉਹ ਇਹ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨਿਘਾਰ ਵੱਲ ਜਾ ਰਹੀ ਹੈ ਜਦਕਿ ਹਕੀਕਤ ਬਿੱਲਕੁਲ ਇਸਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਖਿਸਕਿਆ ਨਹੀਂ ਬਲਕਿ ਖਿਸਕਾਇਆ ਗਿਆ ਜੋ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਠਾਠਾਂ ਮਾਰਦਾ ਵਾਪਿਸ ਆਏਗਾ।
ਜੇਕਰ ਧਿਆਨ ਨਾਲ ਅਕਾਲੀ ਦਲ ਦੇ ਬਦਲਦੇ ਹਾਲਾਤਾਂ ਨੂੰ ਵਾਚੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕਮਜ਼ੋਰ ਨਹੀਂ ਹੋਈ ਬਲਕਿ ਪਹਿਲਾਂ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਝੂਠੀ ਸੋਂਹ ਖਾਧੀ ਤੇ ਪੰਜਾਬ ਤੇ 5 ਸਾਲ ਰਾਜ ਕੀਤਾ। ਫਿਰ ਇਸ ਤੋਂ ਵੀ ਵੱਧ ਕੇਜਰੀਵਾਲ ਨੇ ਪੰਜਾਬ ‘ਚੋਂ ਹਫਤੇ ਭਰ ਵਿੱਚ ਨਸ਼ੇ ਖ਼ਤਮ ਕਰਨ, ਬੇਅਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਅਤੇ ਹਰੇਕ ਮਹਿਲਾ ਨੂੰ ਹਜਾਰ ਹਜਾਰ ਰੁਪਏ ਦੇਣ ਦਾ ਝਾਂਸਾ ਦੇ ਕੇ ਪੰਜਾਬ ਦੀ ਵਾਗਡੋਰ ਸੰਭਾਲ ਲਈ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵੋਟਰਾਂ ਨੂੰ ਭਰਮਾ ਕੇ ਧੋਖਾ ਤਾਂ ਕੀਤਾ ਉਪਰੋਕਤ ਲੀਡਰਾਂ ਨੇ, ਲੇਕਿਨ ਬਲੀ ਦਾ ਬੱਕਰਾ ਬਣ ਰਿਹਾ ਹੈ ਅਕਾਲੀ ਦਲ, ਉਹ ਵੀ ਕਿਸੇ ਹੋਰ ਕੋਲ਼ੋਂ ਨਹੀਂ ਬਲਕਿ ਆਪਣੀ ਹੀ ਪਾਰਟੀ ਦੇ ਚੰਦ ਬਾਗੀ ਸਾਥੀਆਂ ਦੀ ਮਾੜੀ ਸੋਚ ਕਾਰਨ। ਵੈਸੇ ਪੰਜਾਬ ਦੇ ਵੋਟਰਾਂ ਦੀ ਮਨੋਦਿਸ਼ਾ ਨੂੰ ਦੇਖਦੇ ਹੋਏ ਇਹ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਦੋ ਵਾਰ ਧੋਖਾ ਖਾ ਚੁੱਕੇ ਹਨ ਅਤੇ ਹੁਣ ਤੀਸਰੀ ਵਾਰ ਉਹ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭਾਰੀ ਬਹੁਮਤ ਨਾਲ ਜਿਤਾ ਸੂਬੇ ਅੰਦਰ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਚਹੋਂਮੁਖੀ ਵਿਕਾਸ ਕਰਵਾਉਣ ਵਾਲੀ ਸਰਕਾਰ ਬਣਾਉਣਗੇ।
















