CP ਨਾਲ ਮੀਟਿੰਗ ਦੌਰਾਨ ਮਿਸ਼ਨ ਸਹਿਯੋਗ ਨੂੰ ਦਿੱਤਾ ਭਰਵਾਂ ਹੁਲਾਰਾ
ਜਲੰਧਰ, ਐਚ ਐਸ ਚਾਵਲਾ। ਸਹਿਯੋਗ ਦੀ ਮੀਟਿੰਗ ਦੌਰਾਨ ਆਮ ਲੋਕਾਂ ਵੱਲੋਂ ਉਠਾਏ ਗਏ ਮੁੱਦਿਆਂ ਦੌਰਾਨ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸਪੱਸ਼ਟ ਤੌਰ ‘ਤੇ ਅਪੀਲ ਕੀਤੀ ਕਿ ਉਹ ਜਨਤਕ ਚਿੰਤਾਵਾਂ ਦੇ ਮੁੱਦੇ ਉਠਾਉਣ ਕਿਉਂਕਿ ਉਹ ਉਨ੍ਹਾਂ ਦੇ ਹੱਲ ਲਈ ਮੌਜੂਦ ਹਨ।

ਇਸ ਦੌਰਾਨ ਪ੍ਰਸਿੱਧ ਕਾਰਡੀਓਲੋਜਿਸਟ ਡਾ: ਵਿਜੇ ਮਹਾਜਨ ਨੇ ਪੁਲਿਸ ਕਮਿਸ਼ਨਰ ਦੀ ਇਸ ਪਹਿਲ ਕਦਮੀ ਲਈ ਲੋਕਾਂ ਦੀ ਭਾਗੀਦਾਰੀ ਦੇ ਵਡੇਰੇ ਹਿੱਤ ਵਿੱਚ ਸ਼ਲਾਘਾ ਕੀਤੀ। ਉਨ੍ਹਾਂ ਹੇਠਲੇ ਰੈਂਕ ਦੇ ਅਫਸਰਾਂ ਵਿੱਚ ਗਿਆਨ ਦੀ ਘਾਟ ਦਾ ਮੁੱਦਾ ਵੀ ਉਠਾਇਆ, ਜਿਸ ਕਾਰਨ ਕਈ ਵਾਰ ਲੋਕ ਪ੍ਰੇਸ਼ਾਨ ਹੁੰਦੇ ਹਨ।


ਫੋਕਲ ਪੁਆਇੰਟ ਇੰਡਸਟਰੀ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੇ ਲੋਕਾਂ ਖਾਸ ਕਰਕੇ ਉਦਯੋਗਪਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੁਲਿਸ ਅਤੇ ਜਨਤਾ ਦਰਮਿਆਨ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਹੋਰ ਮਦਦ ਕਰੇਗੀ।


ਪੈਟਰੋਲੀਅਮ ਇੰਡਸਟਰੀ ਦੇ ਪ੍ਰਧਾਨ ਸੁਖਮੋਹਨ ਸਿੰਘ ਨੇ ਵੀ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਕਮਿਸ਼ਨਰ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਮੁਹਿੰਮ ਪੁਲਿਸ ਅਤੇ ਜਨਤਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅੱਗੇ ਵਧੇਗੀ।
ਮਾਡਲ ਟਾਊਨ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਪੁਲਿਸ ਪਬਲਿਕ ਪਾਰਟਨਰਸ਼ਿਪ ਦੇ ਇਸ ਇਤਿਹਾਸਕ ਉਪਰਾਲੇ ਲਈ ਪੁਲਿਸ ਕਮਿਸ਼ਨਰ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਕਦਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਨੂੰ ਯਕੀਨੀ ਬਣਾਉਣ ਲਈ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਦੀ ਵੀ ਸ਼ਲਾਘਾ ਕੀਤੀ।
ਇੱਕ ਹੋਰ ਪ੍ਰਸਿੱਧ ਕਾਰਡੀਓਲੋਜਿਸਟ ਡਾ: ਰਮਨ ਚਾਵਲਾ ਨੇ ਪੁਲਿਸ ਕਮਿਸ਼ਨਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਪੁਲਿਸ ਨੂੰ ਮੈਡੀਕਲ ਸਬੰਧੀ ਮੁੱਢਲੀ ਸਿਖਲਾਈ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਇਸ ਦਿਸ਼ਾ ਵਿੱਚ ਪਹਿਲਾਂ ਹੀ ਚੰਗਾ ਕੰਮ ਕਰ ਰਹੀ ਹੈ।
















