
ਮਿਰਤਕ ਬਲੌਰੇ ਉੱਪਰ ਜਾਨਲੇਵਾ ਹਮਲਾ ਕਰਨ ਵਾਲਿਆਂ ਦੀ ਕਲੱਬ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸਪੋਰਟਰਾਂ ਨੇ ਕੀਤੀ ਨਿਖੇਧੀ
ਪੈਰਿਸ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ, ਐਨ.ਆਰ.ਆਈਜ਼ ਅਤੇ ਚੜਦੀ ਕਲਾ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ, ਇਸੇ ਕਲੱਬ ਦੇ ਸੀਨੀਅਰ ਅਹੁਦੇਦਾਰ ਬੁਖ਼ਤਾਵਰ ਸਿੰਘ ਬਾਜਵਾ ਉਰਫ ਬਲੌਰਾ (54) ਦੀ, ਬੀਤੇ ਦਿਨੀਂ ਹੋਈ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕੀਤਾ ਅਤੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪ੍ਰੀਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ।
ਇਸ ਤੋਂ ਇਲਾਵਾ ਉਪਰੋਕਤ ਕਲੱਬ ਦੇ ਮੋਹਰੀ ਚਰਨਜੀਤ ਸਿੰਘ ਬਰਨਾਲਾ ਨੇ ਆਪਣੇ ਕਲੱਬ ਦੇ ਸਮੂਹ ਸਾਥੀਆਂ ਦੇ ਹਵਾਲੇ ਨਾਲ ਮੀਡੀਏ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਅਸੀਂ ਸਾਰੇ ਜਣੇ ਬੁਖ਼ਤਾਵਰ ਸਿੰਘ ਉਪਰ ਹਮਲਾ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ, ਜਿਨ੍ਹਾਂ ਨੇ ਦੋ ਨਿੱਕੀਆਂ ਨਿੱਕੀਆਂ ਧੀਆਂ ਦੇ ਸਿਰਾਂ ਤੋਂ ਪਿਤਾ ਦਾ ਸਾਇਆ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੱਖੋ ਵੱਖ ਭਰੋਸੇ ਯੋਗ ਸੂਤਰਾਂ ਅਤੇ ਲੋਕਲ ਪੁਲਿਸ ਦੇ ਹਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲੌਰਾ, ਪੰਜਾਬ ਤੋਂ ਫਗਵਾੜਾ ਦੇ ਕਿਸੇ ਨੇੜਲੇ ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਵਸਨੀਕ ਸੀ। ਮਿਰਤਕ ਦਾ ਪ੍ਰੀਵਾਰ ਅਤੇ ਦੋ ਧੀਆਂ ਕ੍ਰਮਵਾਰ ਬੈਲਜੀਅਮ ਅਤੇ ਪੁਰਤਗਾਲ ਰਹਿੰਦੀਆਂ ਹਨ।
NRI ਚੜਦੀ ਕਲਾ ਸਪੋਰਟਸ ਕਲੱਬ ਦੇ ਮੈਂਬਰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਰਿਵਾਰਿਕ ਮੈਂਬਰ ਮਿਰਤਕ ਦਾ ਪਾਰਥਿਕ ਸਰੀਰ ਭਾਰਤ ਭੇਜਣ ਦਾ ਪ੍ਰੋਗਰਾਮ ਬਣਾ ਰਹੇ ਹਨ, ਤਾਂ ਕਿ ਮਿਰਤਕ ਦਾ ਸਸਕਾਰ ਉਸਦੇ ਜੱਦੀ ਪਿੰਡ ਵਿਖੇ ਕੀਤਾ ਜਾ ਸਕੇ | ਵੈਸੇ ਮੀਡੀਏ ਨੂੰ ਜਖਮੀ ਹੋਏ ਦੋਹਾਂ ਬੰਦਿਆਂ ਦੇ ਨਾਮ ਅਜੇ ਤੱਕ ਵੀ ਕਿਸੇ ਵੀ ਧਿਰ ਨੇ ਤਸਦੀਕ ਨਹੀ ਕੀਤੇ।
















