
ਜਲੰਧਰ, ਐਚ ਐਸ ਚਾਵਲਾ। ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਰੋਕਥਾਮ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਫਿਲੌਰ ਸਬ ਡਵੀਜ਼ਨ ਅਧੀਨ ਗਿੱਲ ਰੀਜ਼ੋਰਟ, ਪਿੰਡ ਥਾਲਾ, ਥਾਣਾ ਫਿਲੌਰ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਸੰਪਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਹ ਪ੍ਰੋਗਰਾਮ ਹਰਵਿੰਦਰ ਸਿੰਘ ਵਿਰਕ, ਪੀਪੀਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਮੁਕੇਸ਼ ਕੁਮਾਰ, ਪੀਪੀਐਸ, ਪੁਲਿਸ ਕਪਤਾਨ (ਸਥਾਨਕ), ਭਾਰਤ ਮਸੀਹ ਲੱਦੜ, ਡੀਐਸਪੀ ਫਿਲੌਰ, ਅਤੇ ਇੰਸਪੈਕਟਰ ਅਮਨ ਸੈਣੀ, ਐਸਐਚਓ ਫਿਲੌਰ ਦੀ ਮੌਜੂਦਗੀ ਹੇਠ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਕਰੀਬ 100 ਵਿਅਕਤੀਆਂ ਨੇ ਭਾਗ ਲਿਆ, ਜਿਸ ਵਿੱਚ ਪਿੰਡ ਵਾਸੀ, ਨੌਜਵਾਨ ਅਤੇ ਮੁਹਤਬਰ ਵਿਅਕਤੀ ਸ਼ਾਮਲ ਸਨ।


ਮੀਟਿੰਗ ਦੌਰਾਨ ਪਿਛਲੇ ਸਾਲ ਦੌਰਾਨ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਅਪਰਾਧ ਰੋਕਥਾਮ ਲਈ ਕੀਤੀ ਗਈ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਜਨਤਾ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਨਤੀਜੇ ਹਾਸਲ ਕਰਨ ਲਈ ਲੋਕਾਂ ਨੂੰ ਹੋਰ ਵਧੇਰੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ Safe Punjab ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ, ਜਿਸ ‘ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਖ਼ਾਸ ਤੌਰ ‘ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਾ ਤਸਕਰਾਂ ਖ਼ਿਲਾਫ਼ ਬਿਨਾਂ ਕਿਸੇ ਡਰ ਦੇ ਸ਼ਿਕਾਇਤ ਦਰਜ ਕਰਨ। ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਅੰਤ ਵਿੱਚ, ਪੁਲਿਸ ਵੱਲੋਂ ਸਮੂਹ ਲੋਕਾਂ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ।
















