
ਪੈਰਿਸ, (PRIME INDIAN NEWS) :- ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਰਬਜੀਤ ਸਿੰਘ ਜੀ ਆਪਣੇ ਯੌਰਪ ਦੌਰੇ ਦੌਰਾਨ ਇਨੀ ਦਿਨੀ ਫਰਾਂਸ ‘ਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਵਿਖ਼ੇ ਸੇਵਾ ਨਿਭਾਅ ਰਹੇ ਸਨ। ਦੀਵਾਨਾ ਦੀ ਸਮਾਪਤੀ ਉਪਰੰਤ ਭਾਈ ਸਾਹਿਬ ਉਚੇਚੇ ਤੌਰ ਤੇ ਫਰਾਂਸ ਨਿਵਾਸੀ ਭਾਈ ਕੁਲਦੀਪ ਸਿੰਘ ਜੀ ਖਾਲਸਾ ਜੀ ਦੇ ਗ੍ਰਹਿ ਵਿਖੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਖਾਲਸਾ ਜੀ ਨੇ ਦੱਸਿਆ ਕਿ ਭਾਈ ਸਰਬਜੀਤ ਸਿੰਘ ਜੀ ਪਿਛਲੇ ਇੱਕ ਹਫਤੇ ਤੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਵਿਖ਼ੇ ਹਰ ਰੋਜ ਸ਼ਾਮ ਨੂੰ ਕਥਾ ਪਰਵਾਹ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਨੇ ਆਪਣੇ ਇਸ ਫਰਾਂਸ ਦੌਰੇ ਦੌਰਾਨ ਕਈ ਪਰਿਵਾਰਾਂ ਦੇ ਗ੍ਰਹਿ ਵਿਖ਼ੇ ਚਰਨ ਪਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਕਥਾ ਦੇ ਅਖੀਰਲੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਸਰਬਜੀਤ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਰਾਂਸ ਦੀ ਸੰਗਤ ਵਲੋਂ ਉਨ੍ਹਾਂ ਨੂੰ ਬਹੁਤ ਹੀ ਮਾਣ ਸਤਿਕਾਰ ਮਿਲਿਆ ਹੈ, ਜਿਸਨੂੰ ਉਹ ਸਦਾ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਸਮਾਂ ਹੋਰ ਯੌਰਪ ਵਿੱਚ ਹੀ ਗੁਰੂ ਘਰਾਂ ‘ਚ ਸੇਵਾ ਕਰਨਗੇ। ਫਰਾਂਸ ਦੀ ਸੰਗਤ ਨੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਭਵਿੱਖ ਵਿੱਚ ਜਦੋਂ ਵੀ ਵਕਤ ਲੱਗਾ, ਫਰਾਂਸ ਦੀਆਂ ਸੰਗਤਾਂ ਨੂੰ ਜਰੂਰ ਦਰਸ਼ਨ ਦੇਣਾ, ਜਿਸ ਤੇ ਭਾਈ ਸਾਹਿਬ ਜੀ ਨੇ ਵੀ ਵਾਅਦਾ ਕੀਤਾ ਕਿ ਉਹ ਜਰੂਰ ਵਾਪਿਸ ਆ ਕੇ ਸੰਗਤਾਂ ਦੀ ਸੇਵਾ ਕਥਾ ਰਾਹੀਂ ਕਰਨਗੇ।
ਇਸ ਮੌਕੇ ਗੁਰੂ ਘਰ ਦੇ ਹੈਡ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਸਾਬਕਾ ਪ੍ਰਧਾਨ ਭਾਈ ਕੁਲਦੀਪ ਸਿੰਘ ਜੀ ਖਾਲਸਾ, ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮੁਲਤਾਨੀ, ਸੈਕਟਰੀ ਮੋਹਿੰਦਰ ਸਿੰਘ ਬਰਿਆਰ ਅਤੇ ਮੋਹਿੰਦਰ ਸਿੰਘ ਡਰਾਂਸੀ ਆਦਿ ਹਾਜਰ ਸਨ।
















