
ਕਿਹਾ – ਆਉਣ ਵਾਲਾ ਵਕਤ ਪੰਜਾਬ, ਪੰਜਾਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਵੇਗਾ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਇਕਬਾਲ ਸਿੰਘ ਭੱਟੀ ਨੇ ਪੰਜਾਬ ਦੇ ਅਜੋਕੇ ਹਾਲਾਤਾਂ ਦਾ ਡੂੰਘਾਈ ਨਾਲ ਜਾਇਜ਼ਾ ਲੈਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਾਕਾਮੀਆਂ ਨੂੰ ਪਰਖਦੇ ਹੋਏ ਕਿਹਾ ਹੈ ਕਿ ਇਹ ਗੱਲ ਸੰਪੂਰਨ ਰੂਪ ਵਿੱਚ ਪ੍ਰਤੱਖ ਹੋ ਗਈ ਹੈ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹੀ ਬਣਨਗੇ। ਕਿਉਂਕਿ ਭਗਵੰਤ ਮਾਨ ਦੀ ਸ਼ਾਖ ਪੰਜਾਬੀਆਂ ਦੇ ਮਨਾਂ ਵਿੱਚੋਂ ਦਿਨੋਂ ਦਿਨ ਘਟਦੀ ਜਾ ਰਹੀ ਹੈ, ਖਾਸ ਕਰਕੇ ਕਿਸਾਨਾਂ ਦੇ ਦਿਲਾਂ ਵਿੱਚੋਂ, ਜਿਨ੍ਹਾਂ ਦਾ 13 ਮਹੀਨਿਆਂ ਤੋਂ ਚੱਲ ਰਿਹਾ ਸ਼ਾਂਤਮਈ ਧਰਨਾ, ਮੁੱਖ ਮੰਤਰੀ ਨੇ ਮੀਟਿੰਗ ਦਾ ਢੋਂਗ ਰਚ ਕੇ ਪੁਲਿਸ ਰਾਹੀਂ ਜਬਰੀ ਖ਼ਤਮ ਕਰਵਾ ਦਿੱਤਾ ਸੀ।

ਸ. ਭੱਟੀ ਨੇ ਕਿਹਾ ਕਿ ਦੂਸਰਿਆਂ ਤੇ ਨਸ਼ਿਆਂ ਦਾ ਦੋਸ਼ ਲਗਵਾਉਣ ਵਾਲਾ ਮੁੱਖ ਮੰਤਰੀ ਹੁਣ ਜੱਗ ਜ਼ਾਹਿਰ ਹੋ ਗਿਆ ਹੈ, ਜਿਸਦੀ ਆਪਣੀ ਐਂਡਮਨਿਸਟਰੇਸ਼ਨ ਹੀ ਨਸ਼ੇ ਸਪਲਾਈ ਕਰਨ ਦਾ ਕੰਮ ਕਰ ਰਹੀ ਹੈ। ਇਸ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ। ਸੋ ਇਸ ਕਰਕੇ ਪੰਜਾਬ ਦਾ ਵਿਕਾਸ ਕਰਕੇ ਪੰਜਾਬ ਦੀ ਨੁਹਾਰ ਬਦਲਣ ਵਾਲੀ ਅਕਾਲੀ ਸਰਕਾਰ ਬਣਨ ਦੇ ਅਸਰ ਆਪਣੇ ਆਪ ਹੀ ਬਣਦੇ ਜਾ ਰਹੇ ਹਨ, ਜਿਸਨੂੰ ਕੋਈ ਵੀ ਵਿਰੋਧੀ ਪਾਰਟੀ ਵੀ ਨਹੀਂ ਰੋਕ ਸਕਦੀ।
ਸ. ਭੱਟੀ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸੂਬੇ ਅੰਦਰ ਭਾਰੀ ਬਹੁਮੱਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮੁੜ ਤੋਂ ਹੱਸਦਾ ਵੱਸਦਾ ਰੰਗਲਾ ਪੰਜਾਬ ਬਣਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਵਕਤ ਪੰਜਾਬ, ਪੰਜਾਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਵੇਗਾ।
















