ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, ਆਈ.ਪੀ.ਐਸ., ਕਮਿਸ਼ਨਰ ਆਫ਼ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ, ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਜਲੰਧਰ ਬੱਸ ਸਟੈਂਡ ਵਿਖੇ CASO (Cordon and Search Operation) ਆਪਰੇਸ਼ਨ ਚਲਾਇਆ ਗਿਆ।


ਇਹ ਆਪਰੇਸ਼ਨ ਸ੍ਰੀ ਰਾਕੇਸ਼ ਕੁਮਾਰ ਯਾਦਵ, ਪੀ.ਪੀ.ਐਸ, ਏ.ਡੀ.ਸੀ.ਪੀ-2 ਜਲੰਧਰ ਦੀ ਨਿਗਰਾਨੀ ਹੇਠ, ਮਨਮੋਹਨ ਸਿੰਘ, PPS ਏ.ਸੀ.ਪੀ. ਮਾਡਲ ਟਾਊਨ ਜਲੰਧਰ ਅਤੇ ਇੰਸਪੈਕਟਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 07 ਜਲੰਧਰ ਦੀ ਅਗਵਾਈ ਵਿੱਚ ਕੀਤਾ ਗਿਆ।
ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਬੱਸ ਸਟੈਂਡ ਦੇ ਸਮੁੱਚੇ ਪਰਿਸਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ, ਸਮਾਨ ਅਤੇ ਵਾਹਨਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਵੱਲੋਂ ਬੱਸ ਸਟੈਂਡ ਦੇ ਵੱਖ-ਵੱਖ ਦਾਖਲਾ ਅਤੇ ਨਿਕਾਸ ਪੁਆਇੰਟਾਂ ਦੀ ਵੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਭਰੋਸਾ ਦਿੱਤਾ ਗਿਆ। ਇਸ CASO ਆਪਰੇਸ਼ਨ ਦਾ ਮੁੱਖ ਉਦੇਸ਼ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ, ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਬੱਸ ਸਟੈਂਡ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਸ੍ਰੀ ਰਾਕੇਸ਼ ਕੁਮਾਰ ਯਾਦਵ, ਪੀ.ਪੀ.ਐਸ.. ਏ.ਡੀ.ਸੀ.ਪੀ.-2 ਜਲੰਧਰ ਅਤੇ ਏ.ਸੀ.ਪੀ. ਮਾਡਲ ਟਾਊਨ ਜਲੰਧਰ ਵੱਲੋਂ ਆਪਰੇਸ਼ਨ ਦੀ ਖੁਦ ਨਿਗਰਾਨੀ ਕੀਤੀ ਗਈ ਅਤੇ ਪੁਲਿਸ ਕਰਮਚਾਰੀਆਂ ਨੂੰ ਭੀੜ-ਭਾਤ ਵਾਲੇ ਜਨਤਕ ਸਥਾਨਾਂ ‘ਤੇ ਪੂਰੀ ਚੌਕਸੀ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਸੁਰੱਖਿਅਤ ਮਾਹੌਲ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਦੀ ਵਚਨਬੱਧਤਾ ਦੁਹਰਾਈ ਗਈ।
















