ਦੇਸ਼ਦੁਨੀਆਂਪੰਜਾਬ

ਥਿਆੜਾ ਨੂੰ ਜਲੰਧਰ ਕੈਂਟ ਹਲਕਾ ਇੰਚਾਰਜ ਲਾਏ ਜਾਣ ਤੇ ‘ਆਪ’ ਵਰਕਰਾਂ ਨੇ ਕੀਤਾ ਵਿਰੋਧ , ਚੋਣਾਂ ‘ਚ ਹੋ ਸਕਦੈ ਭਾਰੀ ਨੁਕਸਾਨ

ਸੋਢੀ ਦੇ ਨਿਵਾਸ ਸਥਾਨ ‘ਤੇ ਵੱਡੀ ਗਿਣਤੀ ‘ਚ ਪਹੁੰਚੇ “ਆਪ” ਵਰਕਰਾਂ ਨੇ ਪਾਰਟੀ ਹਾਈਕਮਾਨ ਤੋੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ

ਜਲੰਧਰ, ਐਚ ਐਸ ਚਾਵਲਾ। “ਆਪ” ਹਾਈਕਮਾਨ ਵਲੋਂ ਸੀਨੀਅਰ ਪੁਲਿਸ ਅਧਿਕਾਰੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਹਟਾ ਕੇ ਪਾਰਟੀ ਦੀ ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ ਨੂੰ ਜਲੰਧਰ ਕੈਂਟ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਹਲਕੇ ਦੇ ‘ਆਪ’ ਵਰਕਰਾਂ ਨੇ ਵਿਰੋਧ ਕੀਤਾ ਹੈ।

ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਗਏ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਰਿਹਾਇਸ਼ ਜਲੰਧਰ ਕੈਂਟ ਰੋਡ ‘ਤੇ ਸਥਿਤ ਅਟਵਾਲ ਹਾਊਸ ਵਿਖੇ ਬੀਤੇ ਦਿਨ ਐਤਵਾਰ ਨੂੰ ‘ਆਪ’ ਵਰਕਰਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਪਾਰਟੀ ਹਾਈਕਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੇ ਲਏ ਗਏ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

“ਆਪ” ਵਰਕਰਾਂ ਨੇ ਕਿਹਾ ਕਿ ਸੁਰਿੰਦਰ ਸਿੰਘ ਸੋਢੀ ਨੇ ਪਾਰਟੀ ਪ੍ਰਤੀ ਹਰ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ ਅਤੇ ਹਲਕੇ ਵਿੱਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਜੇਕਰ ਉਨ੍ਹਾਂ ‘ਤੇ ਕਿਸੇ ਤਰਾਂ ਦਾ ਕੋਈ ਦੋਸ਼ ਹੁੰਦਾ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਪਰ ਬਿਨਾਂ ਕਿਸੇ ਦੋਸ਼ ਦੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣਾ ਸਰਾਸਰ ਗਲਤ ਹੈ, ਜਿਸਨੂੰ ਲੈ ਕੇ ਪਾਰਟੀ ਵਰਕਰਾਂ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਚੋਣਾਂ ਦੌਰਾਨ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਮੋੜ ‘ਤੇ ਸੋਢੀ ਸਾਹਿਬ ਦੇ ਨਾਲ ਡੱਟ ਕੇ ਖੜ੍ਹੇ ਹਨ ਅਤੇ ਜੋ ਵੀ ਫੈਸਲਾ ਸੋਢੀ ਸਾਹਿਬ ਲੈਣਗੇ, ਉਹ ਉਸਦਾ ਪੂਰਨ ਸਮਰਥਨ ਕਰਨਗੇ।

ਸੋਢੀ ਨੂੰ ਮਨਾਉਣ ਲਈ ਸੀਨੀਅਰ ਆਗੂ ਕਰ ਰਹੇ ਨੇ ਸੰਪਰਕ

ਬੀਤੇ ਦਿਨ ਜਿਵੇਂ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਤਾ ਲੱਗਾ ਕਿ ਸੁਰਿੰਦਰ ਸਿੰਘ ਸੋਢੀ ਦੀ ਰਿਹਾਇਸ਼ ਵਿਖੇ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਪਹੁੰਚ ਰਹੇ ਹਨ ਤਾਂ ਉਹ ਸੋਢੀ ਨੂੰ ਮਨਾਉਣ ਲਈ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਰਾਜਵਿੰਦਰ ਕੌਰ ਬਿਆੜਾ ਨੇ ਵੀ ਉਨ੍ਹਾਂ ਦੇ ਨਿਵਾਸ ‘ਤੇ ਜਾ ਕੇ ਉਨ੍ਹਾਂ ਨੂੰ ਮਿਲਣਾ ਚਾਹਿਆ ਪਰ ਸੋਢੀ ਸਾਹਿਬ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ‘ਆਪ’ ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ ਨੇ ਸੋਢੀ ਨੂੰ ਦੱਸਿਆ ਕਿ ‘ਆਪ’ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂੰ ਉਨ੍ਹਾਂ ਨੂੰ ਮਿਲਣ ਲਈ ਆ ਰਹੇ ਹਨ ਪਰ ਉਹ ਉਨ੍ਹਾਂ ਨੂੰ ਵੀ ਨਹੀਂ ਮਿਲੇ।

ਗੌਰਤਲਬ ਹੈ ਕਿ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ਵਿੱਚ ਕੈਂਟ ਹਲਕੇ ‘ਚ ਆਮ ਆਦਮੀ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਸੀ ਅਤੇ ਪਿਛਲੀ ਲੋਕਸਭਾ ਜਿਮਨੀ ਚੋਣ ਦੌਰਾਨ “ਆਪ” ਉਮੀਦਵਾਰ ਨੂੰ ਕੈਂਟ ਹਲਕੇ ਤੋਂ 7000 ਵੋਟਾਂ ਦੀ ਬੜਤ ਪ੍ਰਾਪਤ ਹੋਈ ਸੀ। ਪਰ ਇਸਦੇ ਬਾਵਜੂਦ ਪਾਰਟੀ ਹਾਈਕਮਾਨ ਵਲੋਂ ਸੋਢੀ ਨੂੰ ਹਲਕਾ ਇੰਚਾਰਜ ਤੋਂ ਹਟਾ ਦੇਣਾ ਹੈਰਾਨ ਕਰਨ ਵਾਲੀ ਗੱਲ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸੁਰਿੰਦਰ ਸਿੰਘ ਸੋਢੀ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਲਈ ਨਫ਼ਾ ਜਾਂ ਨੁਕਸਾਨ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Articles

Leave a Reply

Your email address will not be published. Required fields are marked *

Back to top button