
ਜਲੰਧਰ, ਐਚ ਐਸ ਚਾਵਲਾ। ਜਲੰਧਰ ਕੈਂਟ ਅਧੀਨ ਪੈਂਦੇ ਪਿੰਡ ਬੜਿੰਗ ‘ਚ ਲੋਕਾਂ ਦੀ ਸਹੂਲਤ ਲਈ ਲਗਾਏ ਗਏ ‘ਸਰਕਾਰ ਤੁਹਾਡੇ ਦੁਆਰ’ ਕੈਂਪ ‘ਚ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ‘ਆਪ ਵਰਕਰ’ ਆਪਸ ‘ਚ ਹੀ ਭਿੜ ਗਏ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ‘ਆਪ ਆਗੂ’ ਨੂੰ ਜਖਮੀ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪਿੰਡ ਬੜਿੰਗ ਵਿਖੇ ਸਥਾਨਕ ‘ਆਪ’ ਵਰਕਰਾਂ ਵੱਲੋਂ ਵਿਧਾਇਕ ਰਮਨ ਅਰੋੜਾ ਦੀ ਅਗਵਾਈ ਹੇਠ ‘ਸਰਕਾਰ ਤੁਹਾਡੇ ਦੁਆਰ’ ਕੈਂਪ ਲਗਾਇਆ ਗਿਆ ਸੀ ਅਤੇ ਇਸ ਦੌਰਾਨ ਪਾਰਟੀ ਦੀਆਂ ਦੋ ਧਿਰਾਂ ਦੀ ਫਲੈਕਸ ਲਗਾਉਣ ਨੂੰ ਲੈ ਕੇ ਆਪਸ ‘ਚ ਬਹਿਸ ਹੋ ਗਈ। ਗੱਲ ਇਥੋਂ ਤੱਕ ਪਹੁੰਚ ਗਈ ਕਿ ਕੈਂਪ ਦੇ ਸਮਾਪਤ ਹੁੰਦਿਆਂ ਹੀ ਇਕ ਧਿਰ ਨੇ ਦੂਜੀ ਧਿਰ ਦੇ ‘ਆਪ’ ਵਰਕਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ, ਜਿਸਨੂੰ ਇਲਾਜ ਲਈ ਵਿਧਾਇਕ ਰਮਨ ਅਰੋੜਾ ਨੇ ਆਪਣੀ ਗੱਡੀ ‘ਚ ਸਿਵਲ ਹਸਪਤਾਲ ਪਹੁੰਚਾਇਆ ।
ਜ਼ਖ਼ਮੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਵੇਰ ਤੋਂ ਹੀ ਕੈਂਪ ਚਲਾਇਆ ਜਾ ਰਿਹਾ ਸੀ। ਜਿਵੇਂ ਹੀ ਕੈਂਪ ਦੀ ਸਮਾਪਤੀ ਹੋਈ ਤਾਂ ਕੁਝ ਦੇਰ ਬਾਅਦ 4-5 ਨੌਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਉਪਰ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਮਹਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸਾਬਕਾ ਕੌਂਸਲਰ ਪਰਵੀਨਾ ਮਨੂੰ ਦੇ ਪਤੀ ਮਨੋਜ ਮੰਨੂ ਦੇ ਕਹਿਣ ’ਤੇ ਨੌਜਵਾਨਾਂ ਨੇ ਉਸ ’ਤੇ ਹਮਲਾ ਕੀਤਾ। ਹਮਲਾ ਕਰਨ ਵਾਲੇ ਨੌਜਵਾਨਾਂ ਵਿੱਚ ਭੱਲੂ, ਬਾਬਾ, ਕਾਕਾ ਅਤੇ ਹੋਰ ਅਣਪਛਾਤੇ ਵਿਅਕਤੀ ਸਾਰੇ ਬੜਿੰਗ ਦੇ ਵਸਨੀਕ ਸਨ।
ਮਹਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਪੰਡਾਲ ‘ਚ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ਉਸ ਦਾ ਅਤੇ ਸਾਬਕਾ ਕੌਂਸਲਰ ਪਤੀ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਕੌਂਸਲਰ ਪਤੀ ਨੇ ਉਕਤ ਹਮਲਾਵਰਾਂ ਨੂੰ ਬੁਲਾ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਇਸ ਸਬੰਧੀ ਵਿਧਾਇਕ ਰਮਨ ਅਰੋੜਾ ਨੇ ਕਿਹਾ ਹੈ ਕਿ ਮੇਰੇ ਵਰਕਰਾਂ ‘ਤੇ ਜਾਨਲੇਵਾ ਹਮਲਾ ਹੋਇਆ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਸਾਬਕਾ ਕੌਂਸਲਰ ਪਰਵੀਨਾ ਮਨੂੰ ਦੇ ਪਤੀ ਮਨੋਜ ਮੰਨੂ ਨੇ ਕਿਹਾ ਕਿ ਉਨ੍ਹਾਂ ਉਪਰ ਲਗਾਏ ਜਾ ਰਹੇ ਆਰੋਪ ਝੂਠੇ ਅਤੇ ਬੇਬੁਨਿਆਦ ਹਨ। ਫਿਲਹਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
















