ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵਲੋਂ ਲੁੱਟ-ਖੋਹ ਦਾ ਮਾਮਲਾ ਟਰੇਸ, ਦੋਸ਼ੀ ਗ੍ਰਿਫ਼ਤਾਰ, ਨਕਦੀ ਅਤੇ ਹਥਿਆਰ ਬਰਾਮਦ

ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਨੀਤ ਅਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਅਤੇ ਭਾਰਤ ਮਸੀਹ ਲਾਧੜ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਬ ਡਿਵੀਜ਼ਨ ਫਿਲੌਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਮੁਖੀ ਥਾਣਾ ਫਿਲੌਰ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਲੁੱਟ-ਖੋਹ ਦੇ ਇੱਕ ਮਾਮਲੇ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤ ਮਸੀਹ ਲਾਧੜ, ਪੀ.ਪੀ.ਐਸ., ਡੀ.ਐਸ.ਪੀ. ਫਿਲੌਰ ਨੇ ਦੱਸਿਆ ਕਿ ਪ੍ਰੇਮ ਸਾਗਰ ਪੁੱਤਰ ਮੁਲਖ ਰਾਜ ਵਾਸੀ ਭੰਡੇਰਾ ਮੁਹੱਲਾ, ਫਿਲੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਫਿਲੌਰ ਵਿਖੇ ਐੱਫ.ਆਈ.ਆਰ. ਨੰਬਰ 227 ਮਿਤੀ 07.08.2026 ਅਧੀਨ ਧਾਰਾ 309(4) ਭਾਰਤੀ ਨਿਆਇ ਸੰਹਿਤਾ (BNS) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਇੱਕ ਅਣਪਛਾਤਾ ਵਿਅਕਤੀ ਉਸ ਦੀ ਕਰਿਆਨੇ ਦੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਦਾਤਰ ਦੀ ਨੋਕ ’ਤੇ ਉਸ ਕੋਲੋਂ 15,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਿਆ। ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਦੇ ਆਧਾਰ ’ਤੇ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ 09.08.2026 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸ਼ਨੀ ਬਾਬਾ ਪੁੱਤਰ ਰਮੇਸ਼ ਵਾਸੀ ਖੱਡ ਮੁਹੱਲਾ, ਜਗਤਪੁਰਾ ਪੰਜਧੇਰਾ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਤਫ਼ਤੀਸ਼ ਦੌਰਾਨ ਦੋਸ਼ੀ ਦੇ ਕਬਜ਼ੇ ਵਿਚੋਂ ਲੁੱਟੀ ਗਈ ਰਕਮ ਵਿੱਚੋਂ 6,600 ਰੁਪਏ ਭਾਰਤੀ ਕਰੰਸੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਲੋਹੇ ਦਾ ਦਾਤਰ ਬਰਾਮਦ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਆਪਣੀਆਂ ਨਸ਼ੇ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਐਨ.ਡੀ.ਪੀ.ਐੱਸ. ਐਕਟ ਨਾਲ ਸੰਬੰਧਤ ਕਈ ਮੁਕੱਦਮੇ ਦਰਜ ਹਨ।

ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਹੋਰ ਵੀ ਅਹਿਮ ਖੁਲਾਸਿਆਂ ਅਤੇ ਬਰਾਮਦਗੀਆਂ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button