
ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਕੈਂਟ ਦੇ ਲਾਪਤਾ ਹੋਏ ਨੌਜਵਾਨ ਦੀ 4 ਦਿਨਾਂ ਬਾਅਦ ਕੂੜੇ ਦੇ ਡੰਪ ‘ਚੋਂ ਲਾਸ਼ ਮਿਲੀ ਹੈ। ਉਸਦੇ ਦੋਸਤ ਨੇ ਹੀ ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਕੂੜੇ ਦੇ ਡੰਪ ਹੇਠਾਂ ਲੁਕਾ ਦਿੱਤਾ। ਅੱਜ 4 ਦਿਨਾਂ ਬਾਅਦ ਪੁਲਿਸ ਨੇ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਰਵੀ ਉਸਦਾ ਦੋਸਤ ਹੈ ਅਤੇ ਉਨ੍ਹਾਂ ਦਾ ਪੁੱਤਰ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ ਅਤੇ ਬਾਅਦ ਵਿੱਚ ਲਾਪਤਾ ਹੋ ਗਿਆ। ਪਰਿਵਾਰ ਦੇ ਅਨੁਸਾਰ, ਰਵੀ ਇਕੱਲਾ ਉਨ੍ਹਾਂ ਦੇ ਪੁੱਤਰ ਦਾ ਕਲਤ ਨਹੀਂ ਕਰ ਸਕਦਾ, ਉਸਦੇ ਨਾਲ ਹੋਰ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਨੇ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਸੀ ਦੇ ਪੋਤੇ ਦਾ ਕਤਲ ਕੀਤਾ ਗਿਆ ਹੈ। ਗੁਰਪ੍ਰੀਤ, ਜਿਸਨੂੰ ਨੋਨੀ ਵੀ ਕਿਹਾ ਜਾਂਦਾ ਹੈ, ਆਪਣੇ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ। ਪੁਲਿਸ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਉਹ ਰਵੀ ਨੂੰ ਮਿਲਣ ਲਈ ਡੰਪ ‘ਤੇ ਗਿਆ ਸੀ ਅਤੇ ਉਦੋਂ ਤੋਂ ਉਸਦਾ ਦਾ ਫ਼ੋਨ ਬੰਦ ਆ ਰਿਹਾ ਸੀ।
ਘਟਨਾ ਦੌਰਾਨ ਗੁਰਪ੍ਰੀਤ ਦਾ ਮੋਟਰਸਾਈਕਲ ਕੁੱਕੜ ਪਿੰਡ ਦੇ ਨੇੜੇ ਇੱਕ ਨਾਲੇ ਵਿੱਚੋਂ ਬਰਾਮਦ ਹੋਇਆ ਸੀ ਪਰ ਗੁਰਪ੍ਰੀਤ ਦਾ ਕੋਈ ਪਤਾ ਨਹੀਂ ਲੱਗਾ। ਇਸ ਦੌਰਾਨ ਪੁਲਿਸ ਨੇ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ਪੁੱਛਗਿੱਛ ਕਰਨ ‘ਤੇ ਇਹ ਪਤਾ ਲੱਗਾ ਕਿ ਉਸਨੇ ਗੁਰਪ੍ਰੀਤ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਇੱਕ ਡੰਪ ਹੇਠਾਂ ਲੁਕਾ ਦਿੱਤਾ ਸੀ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ACP ਕੈਂਟ ਨੇ ਦੱਸਿਆ ਕਿ ਪਰਿਵਾਰ ਵੱਲੋਂ 23 ਤਰੀਕ ਨੂੰ ਛਾਉਣੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੁਹੱਲਾ ਨੰਬਰ 15 ਦਾ ਵਸਨੀਕ ਗੁਰਪ੍ਰੀਤ ਸਿੰਘ ਉਰਫ ਨੋਨੀ ਪੁੱਤਰ ਜਸਬੀਰ ਸਿੰਘ 22 ਤਰੀਕ ਨੂੰ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ। ਇਸ ਤੋਂ ਬਾਅਦ, ਪੁਲਿਸ ਨੇ ਗੁਰਪ੍ਰੀਤ ਦੇ ਪਰਿਵਾਰ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਅਤੇ ਟੀਮਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਅਗਲੇਰੀ ਕਾਰਵਾਈ ਕੀਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਦੇ ਅਗਵਾ ਹੋਣ ਦਾ ਮਾਮਲਾ ਕੱਲ੍ਹ ਦਰਜ ਕੀਤਾ ਗਿਆ ਸੀ।
















