
ਨਵੀਂ ਦਿੱਲੀ, (PRIME INDIAN NEWS) :- ਲੋਕਸਭਾ ਚੋਣਾਂ ਤੋਂ ਪਹਿਲਾਂ ਜਲੰਧਰ ‘ਚ “ਆਪ” ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਅੱਜ ਭਾਜਪਾ ‘ਚ ਸ਼ਾਮਿਲ ਹੋ ਗਏ। ਦੋਨਾਂ ਨੇਤਾਵਾਂ ਨੂੰ ਦਿੱਲੀ ਸਥਿਤ ਭਾਜਪਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ (BJP) ਦੇ ਵਿਨੋਦ ਤਾਵੜੇ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿੰਦਿਆਂ ਭਾਜਪਾ ‘ਚ ਸ਼ਾਮਲ ਕਰਵਾਇਆ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੋਵਾਂ ਨੇਤਾਵਾਂ ਦਾ ਸਵਾਗਤ ਕੀਤਾ।

ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਹਾਈਕਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਉਹ ਬਹੁਤ ਪ੍ਰਭਾਵਿਤ ਹਨ ਅਤੇ ਜਲੰਧਰ ਦੇ ਵਿਕਾਸ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਿਮਨੀ ਚੋਣਾਂ ਦੌਰਾਨ ਆਪਣੇ ਇਲਾਕਾ ਨਿਵਾਸੀਆਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਕਾਰਨ ਉਹ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ ‘ਚ ਆ ਕੇ ਉਹ ਸਭ ਵਾਅਦਿਆਂ ਨੂੰ ਪੂਰਾ ਕਰਨਗੇ |
ਗੌਰਤਲਬ ਹੈ ਕਿ ਪੰਜਾਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੇ ਪੱਖ ਬਦਲਣ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਅੱਜ ਜਲੰਧਰ ਤੋੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਭਾਜਪਾ ਜਲੰਧਰ ਲੋਕਸਭਾ ਹਲਕੇ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਦਾ ਉਮੀਦਵਾਰ ਬਣਾ ਸਕਦੀ ਹੈ।
















