
ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਵੀ ਕੀਤਾ ਜਾਵੇਗਾ ਪਰਦਾਫਾਸ਼ – CP ਗੁਰਪ੍ਰੀਤ ਸਿੰਘ ਭੁੱਲਰ
ਅੰਮ੍ਰਿਤਸਰ, (PRIME INDIAN NEWS) :- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਗਿਰੋਹ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਪਾਸੋਂ 2 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਜਸਬੀਰ ਸਿੰਘ ਉਰਫ਼ ਮੱਲ ਉਰਫ਼ ਮੋਟਾ ਵਾਸੀ ਪਿੰਡ ਖਿਆਲਾ ਕਲਾਂ, ਲੋਪੋਕੇ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਦੋਸ਼ੀ ਦੀ ਉਮਰ 21 ਸਾਲ ਹੈ ਜੋ 12ਵੀਂ ਪਾਸ ਹੈ ਅਤੇ ਖੇਤੀਬਾੜੀ ਕਰਦਾ ਹੈ।
CP ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਰਾਮ ਤੀਰਥ ਰੋਡ ਦੇ ਖੇਤਰ ਵਿੱਚ ਕਿਸੇ ਨੂੰ ਹੈਰੋਇਨ ਦੀ ਖੇਪ ਦੇਣ ਲਈ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ PB 02 DN-1728 ਪਰ, ਖੜਾ ਸੀ। ਪੁਲਿਸ ਵੱਲੋਂ ਇਹ ਮੋਟਰਸਾਈਕਲ ਵੀ ਜਬਤ ਕਰ ਲਿਆ ਗਿਆ ਹੈ।
CP ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ਜਸਬੀਰ ਸਿੰਘ ਆਪਣੇ ਪਿੰਡ ਖਿਆਲਾ ਕਲਾਂ ਵਿੱਚ ਹੀ ਰਹਿੰਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਕਰੀਬ ਡੇਢ ਮਹੀਨੇ ਪਹਿਲਾਂ ਆਇਆ ਸੀ ਅਤੇ ਇਸਦੇ ਕਹਿਣ ਤੇ ਹੀ ਹੈਰੋਇਨ ਦੀ ਖੇਪ ਲੈ ਕੇ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਂ ਵਿੱਚ ਅੱਗੇ ਸਪਲਾਈ ਕਰਦਾ ਸੀ।
CP ਭੁੱਲਰ ਨੇ ਦੱਸਿਆ ਕਿ ਇਸਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸਤੇ ਮੁਕੱਦਮਾ ਨੰਬਰ 41 ਮਿਤੀ 02-03-2024 ਜੁਰਮ 21,21(ਸੀ),/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।
ਇਸ ਮੌਕੇ DCP ਸਿਟੀ, ਡਾ. ਪ੍ਰਗਿਆ ਜੈਨ ਅਤੇ DCP ਇੰਨਵੈਸਟੀਗੇਸ਼ਨ, ਹਰਪ੍ਰੀਤ ਮੰਡੇਰ, ADCP ਇੰਨਵੈਸਟੀਗੇਸ਼ਨ ਨਵਜ਼ੋਤ ਸਿੰਘ, ACP ਇੰਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਇੰਚਾਰਜ਼ CIA ਸਟਾਫ-3 ਇੰਸਪੈਕਟਰ ਬਿੰਦਰਜੀਤ ਸਿੰਘ ਹਾਜਰ ਸਨ।





























