
ਜਲੰਧਰ ਵਿਚ ਆਪਣਾ ਨਿਊਜ਼ ਪੋਰਟਲ ਅਤੇ ਜਲੰਧਰ ਵਿਚ ਕਈ ਨਿਊਜ਼ ਪੇਪਰ ਵਿੱਚ ਆਪਣੀ ਖਬਰ ਭੇਜਣ ਵਾਲੇ ਸੀਨੀਅਰ ਪੱਤਰਕਾਰ ਸਵਦੇਸ਼ ਨਨਚਾਹਲ ਦੀ ਅਚਾਨਕ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਸਵਦੇਸ਼ ਦੀ ਮੌਤ ਨੇਪਾਲ ਵਿੱਚ ਹੋਈ ਹੈ। ਦਰਅਸਲ ਉਹ ਆਪਣੇ ਦੋਸਤਾਂ ਨਾਲ ਨੇਪਾਲ ਯਾਤਰਾ ‘ਤੇ ਗਏ ਸਨ। ਦੇਰ ਰਾਤ ਉਨ੍ਹਾਂ ਦੇ ਆਕਸੀਜਨ ਲੇਵਲ ‘ਚ ਅਚਾਨਕ ਕਮੀ ਆ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਸਵੇਰ ਨੂੰ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਵਦੇਸ਼ ਨਨਚਾਹਲ ਦੀ ਮੌਤ ਦੇ ਕਾਰਨ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਬੇਵਕਤੀ ਦੇਹਾਂਤ ‘ਤੇ ਸਾਰਿਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਪੈਟਰਨ ਪ੍ਰਦੀਪ ਵਰਮਾ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ, ਮੀਤ ਪ੍ਰਧਾਨ ਸੰਦੀਪ ਕੁਮਾਰ ਵਰਮਾ, ਪੀਆਰਓ ਧਰਮਿੰਦਰ ਸੋਂਧੀ ਨੇ ਪੱਤਰਕਾਰ ਸਵਦੇਸ਼ ਨਨਚਾਹਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਮਨ ਬੱਗਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਵਦੇਸ਼ ਨਨਚਾਹਲ ਦੇ ਬੇਵਕਤੀ ਦੇਹਾਂਤ ਕਾਰਨ ਡਿਜ਼ੀਟਲ ਮੀਡੀਆ ਖੇਤਰ ਨੇ ਇੱਕ ਸਮਰਪਿਤ ਅਤੇ ਉੱਤਮ ਪੱਤਰਕਾਰ ਨੂੰ ਗੁਆ ਦਿੱਤਾ ਹੈ।
















