
ਜ਼ਿਲ੍ਹਾ ਚੋਣ ਅਫ਼ਸਰ ਅਫ਼ਸਰ ਪਹਿਲੀ ਰਿਹਰਸਲ ਦੌਰਾਨ ਚੋਣ ਅਮਲੇ ਨਾਲ ਹੋਏ ਰੂਬਰੂ
ਕਿਹਾ – ਪ੍ਰਸ਼ਾਸਨ ਚੋਣ ਡਿਊਟੀ ਦੌਰਾਨ ਚੋਣ ਅਮਲੇ ਨੂੰ ਹਰ ਸਹੂਲਤ ਮੁਹੱਈਆ ਕਰਵਾਏਗਾ
ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਲੋਕ ਸਭਾ ਚੋਣਾਂ-2024 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਕਰਵਾਈ ਗਈ ਰਿਹਰਸਲ ਅਤੇ ਸਿਖਲਾਈ ਦੌਰਾਨ ਚੋਣ ਅਮਲੇ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਚੋਣ ਡਿਊਟੀ ਹੋਰ ਦ੍ਰਿੜਤਾ ਤੇ ਪੂਰੀ ਲਗਨ ਤੇ ਮਿਹਨਤ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਭਾਉਣ ਲਈ ਅਗਵਾਈ ਪ੍ਰਦਾਨ ਕੀਤੀ ਗਈ।
ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਚੋਣ ਅਮਲੇ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣਾਂ ਦੇ ਇਸ ਮਹੱਤਵਪੂਰਨ ਕਾਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਾਨੂੰ ਸਭ ਨੂੰ ਸੌਂਪੀ ਗਈ ਡਿਊਟੀ ਨੂੰ ਪੂਰੀ ਲਗਨ ਤੇ ਮਿਹਨਤ ਤੇ ਉਤਸ਼ਾਹ ਨਾਲ ਨਿਭਾਉਂਣਾ ਚਾਹੀਦਾ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨੂੰ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਜ਼ੋਰ ਦਿੱਤਾ ਕਿ ਸਾਨੂੰ ਸਭ ਨੂੰ ਡਿਊਟੀ ਅਤੇ ਜਿੰਮੇਵਾਰੀਆਂ ਦੇ ਨਾਲ-ਨਾਲ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦੀ ਕਾਰਜ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਜਾਣੂੰ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਤਕਨੀਕੀ ਖ਼ਰਾਬੀ ਆਉਣ ’ਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾ ਸਕੇ। ਰਿਹਰਸਲ ਦੌਰਾਨ ਚੋਣ ਅਮਲੇ ਨੂੰ ਈ.ਵੀ.ਐਮਜ਼ ਮਸ਼ੀਨਾਂ ਨੂੰ ਚਲਾਉਣ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਡਾ.ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸ਼ਨ ਚੋਣ ਡਿਊਟੀ ’ਤੇ ਤਾਇਨਾਤ ਚੋਣ ਅਮਲੇ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪਾਬੰਦ ਹੈ ਅਤੇ ਇਸ ਮਹੱਤਵਪੂਰਨ ਜਿੰਮੇਵਾਰੀ ਦੀ ਮਹੱਤਤਾ ਨੂੰ ਦੇਖਦਿਆਂ ਜ਼ਿਲ੍ਹੇ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸਹੂਲਤ ਅਨੁਸਾਰ ਪਹਿਲਾਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਰਿਹਰਸਲ ਦੌਰਾਨ ਚੋਣ ਅਮਲੇ ਨੂੰ ਕਿਅਊ.ਆਰ. ਕੋਡ ਮੁਹੱਈਆ ਕਰਵਾਇਆ ਗਿਆ ਹੈ ਜਿਸ ਨੂੰ ਸਕੈਨ ਕਰਕੇ ਉਹ ਉਨਾਂ ਨੂੰ ਅਲਾਟ ਕੀਤੇ ਗਏ ਕਮਰਿਆਂ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਤਾਂ ਜੋ ਇਸ ਸਮੁੱਚੀ ਰਿਹਰਸਲ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਅਲਾਟ ਕੀਤੇ ਗਏ ਕਮਰਿਆਂ ਬਾਰੇ ਪੁੱਛਣ ਦੀ ਲੋੜ ਨਹੀਂ ਕਿਉਂਕਿ ਕੋਡ ਸਕੈਨ ਕਰਦਿਆਂ ਹੀ ਉਨਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਹੋ ਜਾਂਦੀ ਸੀ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ 09 ਥਾਵਾਂ ’ਤੇ ਰਿਹਰਸਲ ਕਰਵਾਈ ਗਈ ਜਿਥੇ 10,000 ਤੋਂ ਵੱਧ ਚੋਣ ਅਮਲੇ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਲੌਰ, ਵਿਧਾਨ ਸਭਾ ਹਲਕਾ ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਵਿਧਾਨ ਸਭਾ ਹਲਕਾ ਸ਼ਾਹਕੋਟ ਲਈ ਸਰਕਾਰੀ ਕਾਲਜ ਸ਼ਾਹਕੋਟ, ਵਿਧਾਨ ਸਭਾ ਹਲਕਾ ਕਰਤਾਰਪੁਰ ਲਈ ਲਾਇਲਪੁਰ ਖਾਲਸਾ ਕਾਲਜ ਵੂਮੈਨ ਕੈਂਟ ਰੋਡ, ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਲਈ ਏ.ਪੀ.ਜੇ. ਇੰਸਟੀਚਿਊਟ ਆਫ਼ ਮੇਨੈਜਮੈਂਟ ਐਂਡ ਇੰਜੀਨੀਅਰਿੰਗ ਰਾਮਾ ਮੰਡੀ, ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਲਈ ਡੇਵੀਐਟ, ਵਿਧਾਨ ਸਭਾ ਹਲਕਾ ਜਲੰਧਰ ਕੈਂਟ ਲਈ ਜੀ.ਐਨ.ਡੀ.ਯੂ. ਕਾਲਜ ਲਾਡੋਵਾਲੀ ਰੋਡ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਲਈ ਕੇ.ਐਮ.ਵੀ. ਸੰਸਕ੍ਰਿਤ ਸਕੂਲ ਟਾਂਡਾ ਰੋਡ ਜਲੰਧਰ ਵਿਖੇ ਚੋਣ ਰਿਹਰਸਲ ਕਰਵਾਈ ਗਈ।
ਇਸ ਤੋਂ ਪਹਿਲਾਂ ਰਿਹਰਸਲ ਸਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਚੋਣ ਅਮਲੇ ਵਲੋਂ ਜ਼ਿਲ੍ਹਾ ਪਸ੍ਰਾਸਨ ਵਲੋਂ ਰਿਹਰਸਲ ਵਾਲੀਆਂ ਥਾਵਾਂ ’ਤੇ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇੰਸਪੈਕਟਰ ਆਬਕਾਰੀ ਵਿਭਾਗ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰਿਹਰਸਲ ਪੂਰੀ ਤਰ੍ਹਾਂ ਪੇਸ਼ੇਵਰ ਢੰਗ ਨਾਲ ਕਰਵਾਈ ਗਈ ਅਤੇ ਚੋਣ ਅਮਲੇ ਵਲੋਂ ਈ.ਵੀ.ਐਮਜ਼ ਚਲਾਉਣ ਸਬੰਧੀ ਸਿਖਲਾਈ ਹਾਸਿਲ ਕੀਤੀ ਗਈ। ਇਸੇ ਤਰ੍ਹਾਂ ਕਿਅਊ.ਆਰ. ਕੋਡ ਮੁਹੱਈਆ ਕਰਵਾਉਣ ਦੀ ਨਿਵੇਲਕੀ ਪਹਿਲ ਹਰ ਕਰਮਚਾਰੀ ਲਈ ਲਾਹੇਵੰਦ ਸਿੱਧ ਹੋਈ।
ਉਨ੍ਹਾਂ ਦੱਸਿਆ ਕਿ ਕਿਅਊ.ਆਰ.ਕੋਡ ਸਕੈਨ ਕਰਨ ਨਾਲ ਹੀ ਉਨਾਂ ਨੂੰ ਅਲਾਟ ਹੋਏ ਕਮਰਿਆਂ ਸਬੰਧੀ ਸਾਰੀ ਜਾਣਕਾਰੀ ਮਿਲ ਗਈ। ਕਿਅਊ.ਆਰ.ਕੋਡ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਹੋਰ ਕਰਮਚਾਰੀ ਨੇ ਕਿਹਾ ਕਿ ਸਾਰੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਅਤੇ ਕਿਸੇ ਵੀ ਚੋਣ ਅਮਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਨਹੀਂ ਆਈ।
















