
ਪੈਰਿਸ, (PRIME INDIAN NEWS) :- ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਖ਼ਾਰ ਖਾਣ ਵਾਲੇ ਬਾਗੀ ਅਕਾਲੀ ਹੁਣ ਧਾਰਮਿਕ ਪੱਤਾ ਖੇਡਣ ਦੀ ਤਿਆਰੀ ‘ਚ ਹਨ, ਜਿਸ ਤੋਂ ਪਾਰਟੀ ਦੇ ਆਗੂ ਤੇ ਵਰਕਰ ਸੁਚੇਤ ਰਹਿਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ, ਜਿਹੜਾ ਧੜਾ ਸ਼੍ਰੋਮਣੀ ਅਕਾਲੀ ਦਲ ਤੋਂ, ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਾਰਨ ਬਾਗੀ ਹੋ ਗਿਆ ਸੀ, ਨੇ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਸੀ ਕਿ, ਜੋ ਮਰਜੀ ਹੋ ਜਾਵੇ, ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਬਣਨ ਦੇਣਾ, ਐਪਰ ਉਹ ਆਪਣੇ ਇਸ ਮਨਸੂਬੇ ਵਿੱਚ ਫੇਲ ਹੋ ਚੁੱਕੇ ਹਨ, ਜਿਸ ਕਰਕੇ ਉਹ ਅੰਦਰੋ ਅੰਦਰੀ ਬਹੁਤ ਦੁੱਖੀ ਵੀ ਹਨ।
ਸਰਦਾਰ ਭੱਟੀ ਦੇ ਕਹਿਣ ਅਨੁਸਾਰ ਅਤੇ ਮਿਲੀਆਂ ਕੰਸੋਆ ਮੁਤਾਬਿਕ, ਉਹ ਸਾਰੇ ਇਕੱਠੇ ਹੋ ਕੇ, ਧਾਰਮਿਕ ਪੱਤਾ ਖੇਡ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਧਰਮ ਦੀ ਆੜ ਹੇਠ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਹਿਤ, ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ, ਸਪੋਰਟਰ, ਅਹੁਦੇਦਾਰਾਂ, ਡੇਲੀਗੇਟਾਂ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਸੁਚੇਤ ਰਹਿਣਾ ਹੋਵੇਗਾ। ਚਾਹੀਦਾ ਤਾਂ ਇਹ ਹੈ ਕਿ ਜਦੋਂ ਤੱਕ ਬਾਗੀ ਧੜਾ ਕਿਸੇ ਧਰਮੀ ਬੰਦੇ ਨੂੰ ਮੋਹਰੀ ਬਣਾ ਕੇ ਕੋਈ ਚਾਲ ਚੱਲੇ, ਸ਼੍ਰੋਮਣੀ ਅਕਾਲੀ ਦੇ ਪ੍ਰਮੁੱਖ ਪ੍ਰਬੰਧਕਾਂ ਨੂੰ ਇਸ ਦਾ ਇਲਾਜ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ।





























