
ਬਠਿੰਡਾ, (PRIME INDIAN NEWS) :- ਅੱਜ ਕੱਲ ਦੇ ਚੱਲ ਰਹੇ ਮਾਹੌਲ ਅੰਦਰ ਕੁੱਛ ਛੁਟਭਈਏ ਨੇਤਾ ਕਾਨੂੰਨੀ ਸੁਰੱਖਿਆ ਦਾ ਨਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਇੱਕ ਸ਼ਿਵ ਸੈਨਾ ਆਗੂ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਬਾਰੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ SP ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਉਰਫ ਮਨੀ ਨੇ ਸਮਾਜ ਵਿੱਚ ਆਪਣਾ ਵੱਖਰਾ ਰੁਤਬਾ ਦਿਖਾਉਣ ਲਈ ਸਿਕਿਓਰਟੀ ਲੈਣ ਦੀ ਚਾਲ ਚੱਲੀ ਅਤੇ 19 ਫਰਵਰੀ ਨੂੰ ਆਪਣੇ ਹੀ ਦਫਤਰ ‘ਤੇ ਗੋਲੀ ਚਲਵਾਉਣ ਦਾ ਡਰਾਮਾ ਰਚਿਆ ਸੀ। ਮਾਮਲੇ ਦੀ ਜਾਂਚ ਪੜਤਾਲ ਦੌਰਾਨ ਪੁਲਿਸ ਨੇ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਅਤੇ ਉਸ ਦੇ ਇੱਕ ਸਾਥੀ ਜਿਸ ਕੋਲੋਂ 32 ਬੋਰ ਕੱਟਾ ਬਰਾਮਦ ਕੀਤਾ ਹੈ, ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।
SP ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ‘ਤੇ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਇੱਕ ਦਫਤਰ ‘ਤੇ ਗੋਲੀ ਚੱਲੀ ਹੈ। ਜਿਸ ਸਬੰਧੀ ਉਹਨਾਂ ਵੱਲੋਂ ਮੌਕੇ ‘ਤੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਇਹ ਇਤਲਾਹ ਝੂਠੀ ਪਾਈ ਗਈ। ਸ਼ਿਵ ਸੈਨਾ ਆਗੂ ਦੇ ਦਫਤਰ ‘ਤੇ ਹਮਲਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਉਸਦੇ ਆਪਣੇ ਹੀ ਸਾਥੀ ਸਨ। ਪੁਲਿਸ ਵਲੋਂ ਦੋਵੇਂ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
















