
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, IDS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, PPS, ਡੀ.ਸੀ.ਪੀ. ਸਪੈਸ਼ਲ ਬ੍ਰਾਂਚ, ਤੇ ਸ੍ਰੀ ਗੁਰਬਾਜ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਟ੍ਰੈਫਿਕ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲੰਮੇ ਸਮੇਂ ਤੋਂ ਥਾਣਿਆਂ ਵਿੱਚ ਪਏ ਜ਼ਬਤਸ਼ੁਦਾ ਅਤੇ ਫੈਸਲਾ-ਸੁਦਾ ਵਾਹਨਾਂ ਦੀ ਨਿਯਮਾਂ ਅਨੁਸਾਰ ਨਿਪਟਾਰੇ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਹਿਤ ਥਾਣਾ ਡਵੀਜ਼ਨ ਨੰਬਰ 2 ਅਤੇ ਥਾਣਾ ਨਵੀ ਬਾਰਾਦਰੀ ਦੀ ਹੱਦ ਅੰਦਰ ਵੱਖ-ਵੱਖ ਮੁਕੱਦਮਿਆਂ ਵਿੱਚ ਫੈਸਲਾ-ਸੁਦਾ ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 207 ਤਹਿਤ ਜ਼ਬਤ ਕੀਤੇ ਗਏ, ਲੰਮੇ ਸਮੇਂ ਤੋਂ ਥਾਣਿਆਂ ਵਿੱਚ ਪਏ ਅਤੇ ਸਬੰਧਿਤ ਵਿਅਕਤੀਆਂ ਵੱਲੋਂ ਰਿਲੀਜ਼ ਨਾ ਕਰਵਾਏ ਗਏ ਵਾਹਨਾਂ ਦੀ ਨਿਲਾਮੀ ਕਰਵਾਈ ਗਈ।
ਮਿਤੀ 31/08/2026 ਨੂੰ 06 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਕੁੱਲ 232 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਪੁਲਿਸ ਲਾਈਨ, ਕਮਿਸ਼ਨਰੇਟ ਜਲੰਧਰ ਵਿਖੇ ਨਿਯਮਾਂ ਅਨੁਸਾਰ ਸਫਲਤਾਪੂਰਵਕ ਮੁਕੰਮਲ ਕੀਤੀ ਗਈ। ਇਸ ਨਿਲਾਮੀ ਪ੍ਰਕਿਰਿਆ ਵਿੱਚ ਕੁੱਲ 19 ਬੋਲੀਕਾਰਾਂ ਨੇ ਭਾਗ ਲਿਆ ਅਤੇ ਸਰਕਾਰੀ ਨਿਯਮਾਂ ਅਨੁਸਾਰ ਸਫਲ ਬੋਲੀਕਾਰਾਂ ਵੱਲੋਂ ਵਾਹਨ ਖਰੀਦੇ ਗਏ। ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਕੁਲ ਰਕਮ ਸਰਕਾਰੀ ਨਿਯਮਾਂ ਅਨੁਸਾਰ ਰਾਜ ਸਰਕਾਰ ਦੇ ਸਬੰਧਿਤ ਹੈਡ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ, ਹੋਰ ਲੰਮੇ ਸਮੇਂ ਤੋਂ ਪਏ ਵਾਹਨਾਂ ਦੇ ਨਿਪਟਾਰੇ ਲਈ ਵੀ ਕਾਰਵਾਈ ਪ੍ਰਗਤੀ ਅਧੀਨ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਬੰਧਿਤ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਵਾਹਨ ਕਿਸੇ ਥਾਣੇ ਵਿੱਚ ਜ਼ਬਤ/ਬੰਦ ਪਿਆ ਹੈ ਅਤੇ ਕਾਨੂੰਨੀ ਤੌਰ ‘ਤੇ ਰਿਲੀਜ਼ ਹੋਣ ਯੋਗ ਹੈ, ਤਾਂ ਉਹ ਸਬੰਧਿਤ ਥਾਣੇ ਵਿੱਚ ਲਿਖਤੀ ਬਿਨੈ-ਪੱਤਰ ਸਮੇਤ ਸੰਪਰਕ ਕਰਕੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕਰਵਾਉਣ, ਤਾਂ ਜੋ ਆਪਣੇ ਵਾਹਨ ਨੂੰ ਨਿਯਮਾਂ ਅਨੁਸਾਰ ਰਿਲੀਜ਼ ਕਰਵਾਇਆ ਜਾ ਸਕੇ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਰਕਾਰੀ ਸੰਪਤੀ ਅਤੇ ਥਾਣਿਆਂ ਵਿੱਚ ਪਏ ਜ਼ਬਤਸ਼ੁਦਾ ਵਾਹਨਾਂ ਦੇ ਨਿਪਟਾਰੇ ਲਈ ਪਾਰਦਰਸ਼ੀ ਅਤੇ ਨਿਯਮਬੱਧ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
















