
ਸੁਖਬੀਰ ਸਿੰਘ ਬਾਦਲ ਵੱਲੋਂ ਥਾਪੇ ਗਏ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਸਾਥ ਦੇਣਾ, ਸਮੁੱਚੇ ਟਕਸਾਲੀ ਆਗੂਆਂ ਦਾ ਫਰਜ – ਸ਼੍ਰੋਮਣੀ ਅਕਾਲੀ ਦਲ ਯੂਰਪ
PRIME INDIAN NEWS✍️H S CHAWLA
ਪੈਰਿਸ, (PIN):- ਜਿਵੇਂ ਜਿਵੇੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜਦੀਕ ਆ ਰਹੀਆਂ ਹਨ, ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਗਤੀਵਿਧੀਆਂ ਤੇਜ ਹੁੰਦੀਆਂ ਜਾ ਰਹੀਆਂ ਹਨ। ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਪੰਜਾਬ ਦੇ ਲੋਕਾਂ ਦਾ ਝੁਕਾਅ ਹੁਣ ਹੋਰਨਾਂ ਸਿਆਸੀ ਪਾਰਟੀਆਂ ਵੱਲ ਹੋਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।
ਵੈਸੇ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ, ਪੁਨਰ ਸੁਰਜੀਤ, ਵਾਰਿਸ ਪੰਜਾਬ ਦੇ ਆਦਿ ਛੋਟੇ ਛੋਟੇ ਰਾਜਸੀ ਗਰੁੱਪਾਂ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਰਿਹਾ ਹੈ, ਇਨ੍ਹਾਂ ਗਰੁੱਪਾਂ ਦੇ ਜਿਤਨੇ ਵੀ ਲੀਡਰ ਹਨ, ਉਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਾਂ ਮੈਂਬਰ ਰਹੇ ਹਨ, ਇਸ ਕਰਕੇ ਸਾਰਿਆਂ ਦਾ ਧਿਆਨ ਇਸ ਗੱਲ ਵੱਲ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਵਿੱਚ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣਾਈ ਜਾਵੇ, ਕਿਉਂਕਿ ਪਿਛਲੇ ਦਹਾਕਿਆਂ ਵਿੱਚ ਪੰਜਾਬ ਦਾ ਜੋ ਵਿਕਾਸ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੀ, ਉਹ ਆਪ ਸਰਕਾਰ ਨੇ ਜਾਂ ਕਾਂਗਰਸ ਸਰਕਾਰਾਂ ਦੇ ਵਕਤ ਨਹੀਂ ਹੋ ਸਕਿਆ।
ਇਸ ਕਰਕੇ ਜੇਕਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਹਿਯੋਗ ਦੇਣ ਵਾਸਤੇ ਤਿਆਰ ਹੋ ਰਹੇ ਹਨ ਤਾਂ ਸਾਨੂੰ ਵੀ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਥਾਪੇ ਗਏ ਹਲਕਾ ਇੰਚਾਰਜਾਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰਾਂ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ), ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ ਸਪੇਨ, ਜਸਵੰਤ ਸਿੰਘ ਭਦਾਸ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਜਗਜੀਤ ਸਿੰਘ ਫ਼ਤਹਿਗੜ੍ਹ, ਹਰਦੀਪ ਸਿੰਘ ਬੋਦਲ, ਜਸਪ੍ਰੀਤ ਸਿੰਘ ਅਟਵਾਲ ਅਤੇ ਸੁਰਜੀਤ ਸਿੰਘ ਮਾਣਾ ਵੱਲੋਂ ਕਪੂਰਥਲਾ ਜਿਲ੍ਹੇ ਦੇ ਟਕਸਾਲੀ ਆਗੂਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਰਲ ਮਿਲ ਕੇ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਸਾਥ ਦੇ ਕੇ ਉਸਨੂੰ ਕਾਮਯਾਬ ਬਣਾਉ, ਨਾ ਕਿ ਉਸ ਵੱਲੋਂ ਕੀਤੀ ਗਈ 10 ਮਹੀਨਿਆਂ ਦੀ ਮਿਹਨਤ ਉਪਰੰਤ ਉਮੀਦਵਾਰ ਬਦਲਣ ਦੀ ਮੰਗ ਕਰਨਾ ਕਿਸੇ ਵੀ ਐਂਗਲ ਤੋਂ ਸਹੀ ਨਹੀਂ ਲੱਗਦਾ।
ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਯੂਰਪ ਵੱਲੋਂ ਜਿਲ੍ਹਾ ਜਥੇਦਾਰ ਸਰਦਾਰ ਦਲਵਿੰਦਰ ਸਿੰਘ ਸਿੱਧੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਨਾਜ਼ੁਕ ਘੜੀ ਵਿੱਚ ਪਾਰਟੀ ਦੇ ਭਲੇ ਵਾਸਤੇ ਕਪੂਰਥਲਾ ਜਿਲ੍ਹੇ ਦੇ ਟਕਸਾਲੀ ਆਗੂਆਂ ਨੂੰ ਇਕੱਠੇ ਕਰਕੇ ਵਾਲੀਆ ਸਾਹਿਬ ਦੇ ਹੱਥ ਮਜਬੂਤ ਕਰੋ, ਤਾਂ ਕਿ ਉਹ ਕਪੂਰਥਲਾ ਹਲਕੇ ਦੀ ਚੋਣ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਤਾਕਤ ਨੂੰ ਹੋਰ ਮਜਬੂਤ ਕਰ ਸਕਣ।
















