
ਜੇਕਰ ਪ੍ਰਗਟ ਸਿੰਘ ਸਾਰਿਆਂ ਨੂੰ ਇਕਜੁੱਟ ਕਰਵਾਉਣ ਵਿੱਚ ਸਫ਼ਲ ਹੁੰਦੇ ਹਨ ਤਾਂ 2027 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿਰੋਧੀਆਂ ਨੂੰ ਦੇਵੇਗੀ ਕਾਂਟੇਦਾਰ ਟੱਕਰ
PRIME INDIAN NEWS✍️H S CHAWLA
ਚੰਡੀਗੜ੍ਹ, (PIN):- ਪੰਜਾਬ ਕਾਂਗਰਸ ਵਿੱਚ ਕਾਫੀ ਸਮੇਂ ਤੋਂ ਚਲ ਰਹੀ ਧੜੇਬੰਦੀ ਅਤੇ ਅਗਵਾਈ ਦੀ ਖਿੱਚੋਤਾਣ ਵਿੱਚਕਾਰ ਮਿਤੀ 11/12/2026 ਦਿਨ ਐਤਵਾਰ ਨੂੰ ਨਵ-ਨਿਯੁਕਤ ਸੂਬਾ ਪ੍ਰਧਾਨ ਸ. ਪ੍ਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਉਦਘਾਟਨ ਸਮਾਰੋਹ ਵਿੱਚ ਬੜੇ ਉਤਸ਼ਾਹ ਪੂਰਵਕ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਸੂਬੇ ਭਰ ‘ਚੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਵੀ ਸ਼ਾਮਲ ਹੋਏ।


ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਹੋਏ ਇਸ ਸਮਾਰੋਹ ਵਿੱਚ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ।

ਸ. ਪ੍ਰਗਟ ਸਿੰਘ ਦੀ ਸੂਬਾ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਆਯੋਜਿਤ ਇਸ ਸਮਾਰੋਹ ਨੂੰ ਪਾਰਟੀ ਅੰਦਰ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ, ਪੰਜਾਬ ਕਾਂਗਰਸ ਲੀਡਰਸ਼ਿਪ, ਸੰਗਠਨਾਤਮਕ ਜ਼ਿੰਮੇਵਾਰੀਆਂ ਅਤੇ ਸੀਨੀਅਰ ਆਗੂਆਂ ਵਿੱਚ ਮਤਭੇਦਾਂ ਦੇ ਮੁੱਦਿਆਂ ਨਾਲ ਭਰੀ ਹੋਈ ਹੈ।

ਅਜਿਹੀ ਸਥਿਤੀ ਵਿੱਚ, ਕਾਂਗਰਸ ਦੇ ਪ੍ਰਮੁੱਖ ਆਗੂਆਂ ਦਾ ਇੱਕ ਪਲੇਟਫਾਰਮ ‘ਤੇ ਇਕੱਠ ਹੋਣਾ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਸਾਹਮਣੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਪਣੇ ਵਰਕਰਾਂ ਨੂੰ ਸਰਗਰਮ ਕਰਨ ਦੀ ਚੁਣੌਤੀ ਹੈ।
ਇਸ ਉਦਘਾਟਨ ਸਮਾਰੋਹ ਰਾਹੀਂ, ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਸਟੇਜ ‘ਤੇ ਦਿਖਾਈ ਦੇਣ ਵਾਲੀ ਇਹ ਏਕਤਾ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਸੰਗਠਨ ਅਤੇ ਜ਼ਮੀਨੀ ਪੱਧਰ ‘ਤੇ ਕਿਵੇਂ ਪ੍ਰਤੀਬਿੰਬਤ ਹੋਵੇਗੀ।


ਗੌਰਤਲਬ ਹੈ ਕਿ ਸ. ਪ੍ਰਗਟ ਸਿੰਘ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ ਅਤੇ ਹੁਣ ਉਹ ਇੱਕ ਚੰਗੇ ਸਿਆਸਤਦਾਨ ਵਜੋਂ ਵੀ ਜਾਣੇ ਜਾਂਦੇ ਹਨ। ਇਸਦੇ ਨਾਲ ਨਾਲ ਉਹ ਗਲਤ ਨੂੰ ਗਲਤ ਕਹਿਣ ਤੇ ਰਤੀ ਭਰ ਵੀ ਗੁਰੇਜ਼ ਨਹੀਂ ਕਰਦੇ, ਭਾਵੇਂ ਉਨ੍ਹਾਂ ਦੀ ਪਾਰਟੀ ਦੇ ਆਪਣੇ ਆਗੂ ਜਾਂ ਵਰਕਰ ਗਲਤ ਕਰ ਰਹੇ ਹੋਣ।
ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਸ. ਪ੍ਰਗਟ ਸਿੰਘ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਿਚਾਲੇ ਚੱਲ ਰਹੇ ਆਪਸੀ ਮੱਤਭੇਦ ਅਤੇ ਗਿੱਲੇ ਸ਼ਿਕਵੇ ਦੂਰ ਕਰਵਾ ਕੇ ਪਾਰਟੀ ਦੇ ਝੰਡੇ ਹੇਠਾਂ ਸਾਰਿਆਂ ਨੂੰ ਇਕਜੁੱਟ ਕਰਵਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿਰੋਧੀ ਪਾਰਟੀਆਂ ਨੂੰ ਕਾਂਟੇਦਾਰ/ਕਰਾਰੀ ਟੱਕਰ ਦੇ ਸਕਦੀ ਹੈ।
















