
ਪੈਰਿਸ, (PRIME INDIAN NEWS) :- ਸਿੱਖ ਪੰਥ ਦੀ ਸਰਵੋਤਮ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਸ. ਸੁਖਬੀਰ ਸਿੰਘ ਬਾਦਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਓਟ ਆਸਰੇ ਸਦਕੇ ਹੀ ਉਨ੍ਹਾਂ ਦਾ ਵਜੂਦ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਵੀ ਹੁਕਮ ਹੋਵੇਗਾ, ਉਹ ਉਸਨੂੰ ਸਿਰ ਮੱਥੇ ਪ੍ਰਵਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਇਹ ਸਭ ਕੁੱਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਛਾ ਅਨੁਸਾਰ ਹੀ ਹੋ ਰਿਹਾ ਹੈ। ਰਹੀ ਗੱਲ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦੀ, ਇਸ ਨਾਲ ਉਨ੍ਹਾਂ ਆਗੂਆਂ ਨੂੰ ਵੀ ਤਨਖ਼ਾਹੀਆ ਕਰਾਰ ਦੇਣ ਦਾ ਰਾਹ ਖੁੱਲ ਗਿਆ ਹੈ, ਜਿਹੜੇ ਆਪੋ ਆਪਣੇ ਹਲਕੇ ਦੇ ਬਚਾਅ ਅਤੇ ਵੋਟ ਬੈੰਕ ਨੂੰ ਬਚਾਈ ਰਖਣ ਵਾਸਤੇ ਸ. ਸੁਖਬੀਰ ਸਿੰਘ ਬਾਦਲ ਉਪਰ ਦਬਾਅ ਬਣਾ ਕੇ ਆਪਣੇ ਕੰਮ ਕੱਢਵਾਉਂਦੇ ਸਨ।
ਸ. ਭੱਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਹੁਕਮ ਦੀ ਵੀ ਸ਼ਲਾਘਾ ਕੀਤੀ ਕਿ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸਬੰਧੀ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣ।” ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹੀ ਆਸ ਕਰਦਾ ਹੈ ਕਿ ਇਨ੍ਹਾਂ ਸਾਰਿਆਂ ਆਗੂਆਂ ਤੇ ਵੀ ਐਕਸ਼ਨ ਲਿਆ ਜਾਵੇ, ਇਕੱਲੇ ਸੁਖਬੀਰ ਸਿੰਘ ਬਾਦਲ ਤੇ ਹੀ ਕਿਓਂ।
















