ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਨਾਮ ‘ਤੇ ₹2 ਕਰੋੜ ਦੀ ਫਿਰੋਤੀ ਮੰਗਣ ਵਾਲੇ 02 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਮਾਜ ਵਿਰੋਧੀ ਤੱਤਾਂ ਅਤੇ ਰੰਗਦਾਰੀ ਮੰਗਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਵਿਨੀਤ ਅਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ (ਤਫਤੀਸ਼),ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ-ਡਿਵੀਜ਼ਨ ਨਕੋਦਰ ਅਤੇ ਇੰਦਰਜੀਤ ਸਿੰਘ, ਡੀ.ਐਸ.ਪੀ (ਤਫਤੀਸ਼) ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਸ ਟੀਮ ਵਿੱਚ CIA ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਅਤੇ ਸਬ-ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਸ਼ਾਮਲ ਸਨ।

ਟੀਮ ਵੱਲੋਂ ਅਧੁਨਿਕ, ਮਨੁੱਖੀ ਅਤੇ ਟੈਕਨੀਕਲ ਢੰਗਾਂ ਦੀ ਵਰਤੋਂ ਕਰਦਿਆਂ ਪਿੰਡ ਸ਼ੰਕਰ ਵਿੱਚ ਰਹਿੰਦੇ ਇੱਕ ਐਨ.ਆਰ.ਆਈ. ਬਜ਼ੁਰਗ ਜੋੜੇ ਤੋਂ ₹2 ਕਰੋੜ ਦੀ ਫਿਰੋਤੀ ਮੰਗਣ ਵਾਲੇ 02 ਦੋਸ਼ੀਆਂ ਤੀਰਥ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਬਹਾਦਰਪੁਰ, ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਅਤੇ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਅਮਰਜੀਤ ਸਿੰਘ, ਵਾਸੀ ਧਰਮਕੋਟ, ਥਾਣਾ ਸਦਰ ਨਵਾਂ ਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।

ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਿਨੀਤ ਅਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ (ਤਫਤੀਸ਼) ਨੇ ਦੱਸਿਆ ਕਿ ਮਿਤੀ 21.03.2026 ਨੂੰ ਬਲਜਿੰਦਰ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਸਦਰ ਨਕੋਦਰ ਨੇ ਦਰਖ਼ਾਸਤ ਦਿੱਤੀ ਕਿ ਮਿਤੀ 12.01.2026 ਨੂੰ ਕਰੀਬ 11:30 ਵਜੇ ਰਾਤ ਸਮੇਂ ਉਸਦੇ ਪਤੀ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਵਿੱਚ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗਰੁੱਪ ਨਾਲ ਸੰਬੰਧਿਤ ਦੱਸਦਿਆਂ ₹2 ਕਰੋੜ ਦੀ ਮੰਗ ਕੀਤੀ ਅਤੇ 10 ਦਿਨਾਂ ਵਿੱਚ ਪੈਸੇ ਤਿਆਰ ਰੱਖਣ ਲਈ ਕਿਹਾ, ਨਹੀਂ ਤਾਂ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ।

ਇਸ ਤੋਂ ਬਾਅਦ, ਮਿਤੀ 21.03.2026 ਨੂੰ ਉਸਦੇ ਪੁੱਤਰ ਰਣਜੀਤ ਸਿੰਘ, ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ, ਨੇ ਦੱਸਿਆ ਕਿ ਉਸਨੂੰ ਵੀ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਅਤੇ ਵਟਸਐਪ ਮੈਸੇਜ ਪ੍ਰਾਪਤ ਹੋਇਆ, ਜਿਸ ਵਿੱਚ ਇੱਕ ਦਿਨ ਵਿੱਚ ₹1.5 ਕਰੋੜ ਦੀ ਮੰਗ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਪਿੰਡ ਸ਼ੰਕਰ ਵਿੱਚ ਉਸਦੇ ਘਰ ‘ਤੇ ਗੋਲੀਆਂ ਚਲਾਈਆਂ ਜਾਣਗੀਆਂ। ਦੋਸ਼ੀਆਂ ਵੱਲੋਂ ਉਸਦੀ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਇੱਕ ਫਾਰਚੂਨਰ ਗੱਡੀ ਅਤੇ ਵੱਡੀ ਕੋਠੀ ਦਾ ਜ਼ਿਕਰ ਸੀ।

ਇਸ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਨੰਬਰ 53 ਮਿਤੀ 21.03.2026 ਅਧੀਨ ਧਾਰਾ 308(5), 3(5) BNS ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ ਦਰਜ ਕੀਤਾ ਗਿਆ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਦਾ ਪੁੱਤਰ ਰਣਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ, ਜਦਕਿ ਉਸਦੇ ਬਜ਼ੁਰਗ ਮਾਤਾ-ਪਿਤਾ ਪਿੰਡ ਸ਼ੰਕਰ ਵਿੱਚ ਰਹਿੰਦੇ ਹਨ। ਦੋਸ਼ੀ ਤੀਰਥ ਸਿੰਘ, ਜੋ ਕਿ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹੈ ਅਤੇ ਕਨੇਡਾ ਦਾ ਵਸਨੀਕ ਹੈ, ਫਰਵਰੀ ਮਹੀਨੇ ਵਿੱਚ ਆਪਣੇ ਪਰਿਵਾਰ ਸਮੇਤ ਭਾਰਤ ਆਇਆ ਸੀ। ਉਸਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਪਿੰਡ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਸਾਜ਼ਿਸ਼ ਰਚੀ।

ਤੀਰਥ ਸਿੰਘ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਅਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ। ਦੋਸ਼ੀਆਂ ਨੇ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ ਜਸ਼ਨਦੀਪ ਸਿੰਘ ਨੂੰ ₹25 ਲੱਖ ਅਤੇ ਤੀਰਥ ਸਿੰਘ ਨੂੰ ₹1.25 ਕਰੋੜ ਮਿਲਣੇ ਸਨ।

ਜਸ਼ਨਦੀਪ ਸਿੰਘ ਵੱਲੋਂ ਆਨਲਾਈਨ ਅੰਤਰਰਾਸ਼ਟਰੀ e-SIM ਪ੍ਰਾਪਤ ਕਰਕੇ ਆਪਣੇ ਘਰ ਤੋਂ ਹੀ ਕਾਲਾਂ ਅਤੇ ਮੈਸੇਜ ਭੇਜੇ ਜਾਂਦੇ ਸਨ। ਤੀਰਥ ਸਿੰਘ, ਜੋ ਕਿ ਵਿਦੇਸ਼ ਵਿੱਚ ਟਰਾਂਸਪੋਰਟ ਦਾ ਚੰਗਾ ਕਾਰੋਬਾਰ ਕਰਦਾ ਹੈ, ਪੈਸੇ ਦੇ ਲਾਲਚ ਵਿੱਚ ਆ ਕੇ ਇਸ ਅਪਰਾਧ ਵਿੱਚ ਸ਼ਾਮਲ ਹੋ ਗਿਆ।

ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।

Related Articles

Leave a Reply

Your email address will not be published. Required fields are marked *

Back to top button