
ਸਰਕਾਰੀ ਸੇਵਾਵਾਂ/ਸਕੀਮਾਂ ਨੂੰ ਹੋਰ ਅਸਰਦਾਰ ਢੰਗ ਨਾਲ ਉਭਾਰ ਕੇ ਲੋਕਾਂ ਤੱਕ ਪਹੁੰਚਾਉਣ ਵਿੱਚ ਹੋਣਗੇ ਸਹਾਈ
ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਸਰਕਾਰੀ ਅਦਾਰਿਆਂ/ਵਿਭਾਗਾਂ/ਦਫ਼ਤਰਾਂ ਵਿੱਚ ਕੁੱਲ 55 ਇੰਟਰਨ ਸ਼ਾਮਿਲ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਵਿੱਚ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਦਾਰਿਆਂ/ ਵਿਭਾਗਾਂ/ ਦਫ਼ਤਰਾਂ ਵਿੱਚ 3 ਮਹੀਨਿਆਂ ਲਈ ਬਤੌਰ ਇੰਟਰਨ ਸ਼ਾਮਲ ਕਰਦੇ ਹੋਏ ਵੱਖ-ਵੱਖ ਪ੍ਰਾਜੈਕਟ ਅਲਾਟ ਕੀਤੇ ਜਾਣਗੇ ਤਾਂ ਜੋ ਪ੍ਰਤਿਭਾਸ਼ਾਲੀ ਵਿਦਿਆਰਥੀ ਸਰਕਾਰ ਦੀਆਂ ਸੇਵਾਵਾਂ/ ਸਕੀਮਾਂ ਨੂੰ ਹੋਰ ਅਸਰਦਾਰ ਢੰਗ ਨਾਲ ਉਭਾਰ ਕੇ ਹੋਰ ਵੀ ਲਾਹੇਵੰਦ ਬਣਾ ਕੇ ਪੇਸ਼ ਕਰ ਸਕਣ ਅਤੇ ਲੋਕਾਂ ਨੂੰ ਇਨ੍ਹਾਂ ਸੇਵਾਵਾਂ/ਪ੍ਰਾਜੈਕਟਾਂ/ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਕੁੱਲ 285 ਵਿਦਿਆਰਥੀਆਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 62 ਵਿਦਿਆਰਥੀਆਂ ਨੂੰ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਸਕਰੂਟਨੀ ਹਿੱਤ ਬੁਲਾਇਆ ਗਿਆ ਸੀ। ਸਹਾਇਕ ਕਮਿਸ਼ਨਰ ਸੁਨੀਲ ਫੋਗਾਟ ਆਈ.ਏ.ਐਸ. ਵੱਲੋਂ ਇਨ੍ਹਾਂ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਪ੍ਰਸਤਾਵਿਤ ਪ੍ਰਾਜੈਕਟਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।





























