
ਇਸ ਵਾਰ ਯੂਰਪ, ਕੈਨੇਡਾ ਅਤੇ ਵੱਖ ਵੱਖ ਦੇਸ਼ਾਂ ਤੋਂ ਵੀ ਪਹੁੰਚੇ ਪ੍ਰੀਵਾਰ, 15 ਅਗਸਤ ਨੂੰ ਹੋਵੇਗੀ ਗੁਰਮਤਿ ਕੈਂਪ ਦੀ ਸਮਾਪਤੀ- ਬਸੰਤ ਸਿੰਘ ਪੰਜਹੱਥਾ
ਪੈਰਿਸ, (PRIME INDIAN NEWS) :- ਜਥੇਦਾਰ ਗੁਰਦਿਆਲ ਸਿੰਘ ਦੇ ਸਮੂਹ ਪ੍ਰੀਵਾਰ ਵਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋਂ ਸ਼ੇਰੇ ਪੰਜਾਬ ਕੰਪਲੈਕਸ ਵਿਖ਼ੇ ਲਗਾਏ ਗਏ ਇੰਟਰਨੈਸ਼ਨਲ ਗੁਰਮਤਿ ਕੈਂਪ ਦੇ 12ਵੇਂ ਦਿਨ ਵੱਖੋ ਵੱਖ ਦੇਸ਼ਾਂ ਤੋਂ ਪਰਿਵਾਰਾਂ ਸਾਹਿਤ ਆਏ ਹੋਏ ਬੱਚਿਆਂ ਦੀ ਗਿਣਤੀ 200 ਤੋਂ ਵਧੇਰੇ ਹੋ ਗਈ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ, ਗੱਤਕਾ, ਸਹਿਜ ਪਾਠ, ਗੁਰਬਾਣੀ ਕੰਠ ਮੁਕਾਬਲੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਗਰੁੱਪ ਬਣਾ ਕੇ, ਗੁਰਬਾਣੀ ਪੜ੍ਹਨੀ ਅਤੇ ਲਿਖਣੀ, ਪੰਜਾਬੀ ਬੋਲਣੀ ਅਤੇ ਲਿਖਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸੁੱਖ ਆਸਣ ਕਿਵੇਂ ਕਰਨਾ ਹੈ, ਦੁਮਾਲਾ ਬੰਨਣਾ, ਹਾਰਮੋਨੀਅਮ ਅਤੇ ਤਬਲਾ ਵਜਾਉਣਾ ਆਦਿ ਧਾਰਮਿਕ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ।


ਹਫਤੇ ਦੇ ਅਖੀਰਲੇ ਦਿਨਾਂ ਵਿੱਚ ਬੱਚਿਆਂ ਨੂੰ ਪਾਰਕਾਂ ਵਿਖ਼ੇ ਘੁੰਮਾਇਆ ਵੀ ਜਾਂਦਾ ਹੈ ਤਾਂ ਕਿ ਬੱਚੇ ਖੁਸ਼ ਰਹਿ ਸਕਣ। ਵੱਖੋ ਵੱਖ ਧਾਰਮਿਕ ਸਿੱਖਿਆਵਾਂ ਵਿੱਚੋਂ ਅਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਂਦੇ ਹਨ। ਬਾਹਰੋਂ ਆਏ ਪਰਿਵਾਰਾਂ ਵਾਸਤੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਹੀ ਕੀਤਾ ਜਾਂਦਾ ਹੈ। ਉੱਚ ਸਿਖਿਆ ਪ੍ਰਾਪਤ ਅਧਿਆਪਕ, ਜਿਨ੍ਹਾਂ ਦੀ ਚੋਣ ਵੀ ਅਕੈਡਮੀ ਦੇ ਪ੍ਰਬੰਧਕ ਕਰਦੇ ਹਨ, ਨੂੰ ਭਾਰਤ ਅਤੇ ਯੂਰਪੀਅਨ ਦੇਸ਼ਾਂ ਤੋਂ ਮੰਗਵਾ ਕੈ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।


ਗੁਰਬਾਣੀ ਦੇ ਗਿਆਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਵੀ ਇਸ ਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਵਾਸਤੇ ਪਹੁੰਚੇ ਹਨ, ਜਿਹੜੇ ਕਿ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਵਖੋ ਵੱਖ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਗੁਰਸਿੱਖੀ ਅਤੇ ਗੁਰਬਾਣੀ ਦੇ ਅਥਾਹ ਸਾਗਰ ਦਾ ਗਿਆਨ ਸੰਗਤਾਂ ਨੂੰ ਦੇ ਰਹੇ ਹਨ। ਇਸ ਗੁਰਮਤਿ ਕੈਂਪ ਦੀ ਸਮਾਪਤੀ 15 ਅਗਸਤ ਨੂੰ ਹੋਵੇਗੀ।
















