
ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਸਾਡਾ ਮੁੱਖ ਮਕਸਦ – ਇਕਬਾਲ ਸਿੰਘ ਭੱਟੀ
PRIME INDIAN NEWS✍️H S CHAWLA
ਜਲੰਧਰ, (PIN):- ਵਿਦੇਸ਼ਾਂ ਵਿੱਚ ਬੈਠੇ NRI’s ਪੰਜਾਬੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਮਾਇਤ ‘ਚ ਨਿਤਰ ਗਏ ਹਨ। ਉਨ੍ਹਾਂ ਕਿਹਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਪੰਜਾਬ ਨਾਲ ਡੂੰਘਾ ਰਿਸ਼ਤਾ ਹੈ, ਜਿਸਨੂੰ ਲੈ ਕੇ ਉਹ ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਭਵਿੱਖ ਨਾਲ ਜੁੜੇ ਮੁੱਦਿਆਂ ‘ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੀ ਸ਼੍ਰੋਮਣੀ ਅਕਾਲੀ ਦਲ ਯੂਰਪ ਦਾ ਮੁੱਖ ਮੱਕਸਦ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਚੱਲ ਰਹੀ ਮੌਜੂਦਾ ਸਿਆਸਤ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਜਥੇਬੰਦਕ ਸਰਗਰਮੀ ਨੂੰ ਹੋਰ ਮਜ਼ਬੂਤ ਕਰੇਗਾ।
ਸ. ਭੱਟੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਅੱਜ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਭਾਵਨਾਤਮਕ ਤੌਰ ‘ਤੇ ਜੁੜਿਆ ਹੋਇਆ ਹੈ।
ਸ. ਭੱਟੀ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਹੋਏ ਅਨੇਕਾਂ ਵਿਕਾਸ ਕਾਰਜਾਂ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋਏ ਪ੍ਰਵਾਸੀ ਪੰਜਾਬੀ ਅੱਜ ਵੀ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਵਿਰਾਸਤ ‘ਤੇ ਮਾਣ ਮਹਿਸੂਸ ਕਰਦੇ ਹੋਏ ਪਾਰਟੀ ਨੂੰ ਸੂਬੇ ਅੰਦਰ ਮੁੜ ਮਜ਼ਬੂਤ ਹੁੰਦਾ ਦੇਖਣਾ ਚਾਹੁੰਦੇ ਹਨ।
ਸ. ਭੱਟੀ ਨੇ ਦਾਅਵਾ ਕੀਤਾ ਕਿ ਹਾਲ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਰੈਲੀਆਂ ਅਤੇ ਇਕੱਠਾਂ ਵਿਚ ਨਜ਼ਰ ਆ ਰਹੇ ਜਨਸਮੂਹ ਤੋਂ ਪਾਰਟੀ ਦੀਆਂ ਸਰਗਰਮੀਆਂ ਪ੍ਰਤੀ ਲੋਕਾਂ ਦੀ ਦਿਲਚਸਪੀ ਨੂੰ ਲੈ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਉਤਸ਼ਾਹ ਵਧ ਰਿਹਾ ਹੈ ਅਤੇ ਸੂਬੇ ਦੇ ਆਮ ਲੋਕ ਹੁਣ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਚਾਹੁੰਦੇ ਹਨ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਨ।
ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਸ. ਭੱਟੀ ਨੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਪੰਜਾਬ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ, ਜਿਸ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਰੁਜ਼ਗਾਰ, ਖੇਡਾਂ ਅਤੇ ਸਿੱਖਿਆ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਲੋੜ ਹੈ। ਇਸ ਦੇ ਨਾਲ ਨਾਲ ਉਨ੍ਹਾਂ ਕਿਸਾਨੀ, ਉਦਯੋਗ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਵੀ ਪੰਜਾਬ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਕਰਨ ਬਾਰੇ ਵੀ ਕਿਹਾ।
ਬਹਿਰੀਨ ਨਾਲ ਸਬੰਧਤ ਮਾਮਲੇ ਬਾਰੇ ਗੱਲ ਕਰਦਿਆਂ ਸ. ਭੱਟੀ ਨੇ ਵਿਰੋਧੀ ਧਿਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਹੀ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਸ. ਭੱਟੀ ਨੇ ਵਲਟੋਹਾ ਨਾਲ ਸਬੰਧਤ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਲਏ ਗਏ ਰੁਖ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਮਾਮਲਿਆਂ ‘ਚ ਕਾਨੂੰਨ ਮੁਤਾਬਿਕ ਸਾਰੇ ਪੱਖਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਸ. ਭੱਟੀ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੀ ਸਿਆਸਤ ਲਈ ਮਹੱਤਵਪੂਰਨ ਹੋਣਗੀਆਂ, ਜਿਸਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਵੀ ਇਨ੍ਹਾਂ ਚੋਣਾਂ ਨਾਲ ਜੁੜੇ ਘਟਨਾਕ੍ਰਮ ‘ਤੇ ਨਜ਼ਰ ਰੱਖੀਂ ਬੈਠੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਵਾਸੀ ਭਾਈਚਾਰੇ ਤੱਕ ਪਹੁੰਚਾਉਣ ਲਈ ਸਰਗਰਮੀਆਂ ਜਾਰੀ ਰੱਖੀਆਂ ਜਾਣਗੀਆਂ।
ਸ. ਭੱਟੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਹੋਰ ਸਮਾਜਿਕ ਚੁਣੌਤੀਆਂ ਤੋਂ ਬਾਹਰ ਕੱਢਣ ਲਈ ਮਜ਼ਬੂਤ ਨੀਤੀਆਂ ਦੇ ਨਾਲ ਨਾਲ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਲੋੜ ਹੈ, ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਯੂਰਪ ਵੱਲੋਂ ਪਾਰਟੀ ਦੀ ਮਜ਼ਬੂਤੀ ਵਾਸਤੇ ਯਤਨ ਜਾਰੀ ਰੱਖੇ ਜਾਣਗੇ ਤਾਂ ਜੋ ਸ. ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੇ ਮੱਕਸਦ ਨੂੰ ਫ਼ਤਿਹ ਕੀਤਾ ਜਾ ਸਕੇ, ਜਿਸਦੀ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
















