
ਸਰਕਾਰੀ ਇਮਾਰਤਾਂ ਤੋਂ ਸਿਆਸੀ ਇਸ਼ਤਿਹਾਰ ਪੂਰੀ ਤਰ੍ਹਾਂ ਹਟਾਉਣ ਸਬੰਧੀ ਸਰਟੀਫਿਕੇਟ ਜਮ੍ਹਾ ਕਰਨ ਤੋਂ ਇਲਾਵਾ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ ਵਿਭਾਗਾਂ ਦੇ ਮੁਖੀ
ਚੋਣ ਡਿਊਟੀ ’ਚ ਛੋਟ ਸਬੰਧੀ ਮਾਮਲਿਆਂ ਦੇ ਹੱਲ ਲਈ ਕਮੇਟੀ ਗਠਿਤ , ਕਿਹਾ- ਚੋਣ ਡਿਊਟੀ ’ਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ . ਹਿਮਾਂਸ਼ੂ ਅਗਰਵਾਲ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਲੋਕ ਸਭਾ ਹਲਕਾ (ਐਸ.ਸੀ.) ਲਈ ਲੋਕ ਸਭਾ ਚੋਣਾਂ-2024 ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਹਿਮਾਂਸ਼ੂ ਅਗਰਵਾਲ ਨੇ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨ, ਸੀ-ਵਿਜਿਲ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ 100 ਮਿੰਟਾਂ ਵਿੱਚ ਨਿਪਟਾਰਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।


ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਚੋਣ ਡਿਊਟੀ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਜੋ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜੋ ਪੂਰੇ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚੋਣ ਡਿਊਟੀ ਵਿੱਚ ਛੋਟ ਸਬੰਧੀ ਮਾਮਲਿਆਂ ਦੇ ਹੱਲ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ, ਜਿਸ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਜ) ਕਰਨਗੇ। ਕਮੇਟੀ ਵਿੱਚ ਸਿਵਲ ਸਰਜਨ/ਸੀਨੀਅਰ ਮੈਡੀਕਲ ਅਫ਼ਸਰ ਅਤੇ ਡੀ.ਈ.ਓ. (ਸੈਕੰਡਰੀ) ਵੀ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਚੋਣ ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਛੋਟ ਦੀ ਸਿਫ਼ਾਰਸ਼ ਸਬੰਧਤ ਐਚ.ਓ.ਡੀ. ਵੱਲੋਂ ਜਾਇਜ਼ ਕਾਰਨ ਸਮੇਤ ਕਮੇਟੀ ਨੂੰ ਕੀਤੀ ਜਾਵੇਗੀ, ਜੋ ਤੱਥਾਂ ਦੀ ਪੜਤਾਲ ਕਰਕੇ ਅਰਜ਼ੀ ਦਾ ਫੈਸਲਾ ਕਰੇਗੀ।ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਕਿਸੇ ਵੀ ਕਿਸਮ ਦੀ ਛੋਟ ਸਬੰਧੀ ਦਾਅਵਾ ਜੇਕਰ ਝੂਠਾ ਪਾਇਆ ਗਿਆ ਤਾਂ ਸਖ਼ਤ ਕਰਵਾਈ ਤੋਂ ਇਲਾਵਾ ਐਚ.ਓ.ਡੀ. ਤੋਂ ਸਪੱਸ਼ਟੀਕਰਨ ਵੀ ਲਿਆ ਜਾਵੇਗਾ।
ਉਨ੍ਹਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਦਫ਼ਤਰਾਂ ਅਤੇ ਅਧਿਕਾਰ ਖੇਤਰਾਂ ਤੋਂ ਸਿਆਸੀ ਇਸ਼ਤਿਹਾਰੀ ਬੋਰਡ, ਬੈਨਰ ਆਦਿ ਹਟਾਉਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ 23 ਮਾਰਚ ਸ਼ਾਮ ਤੱਕ ਇਸ ਸਬੰਧੀ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਵੀ ਕਿਹਾ।
ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਬਿਨੈਕਾਰਾਂ ਦੀ ਜਾਨ ਨੂੰ ਖ਼ਤਰਾ ਹੈ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਛੋਟ ਦੇਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਵਿਚਾਰ ਅਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ।
ਉਪਰੰਤ ਡਿਪਟੀ ਕਮਿਸ਼ਨਰ ਨੇ ਪੇਡ ਨਿਊਜ਼ ਆਦਿ ‘ਤੇ ਨਜ਼ਰ ਰੱਖਣ ਲਈ ਸਥਾਪਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈੱਲ, ਸ਼ਿਕਾਇਤ ਸੈੱਲ ਆਦਿ ਦਾ ਵੀ ਦੌਰਾ ਕੀਤਾ।
ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਮਹਾਜਨ, ਵਧੀਕ ਕਮਿਸ਼ਨਰ ਅਮਰਜੀਤ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲਖਵਿੰਦਰ ਸਿੰਘ ਅਤੇ ਸਮੂਹ ਐਸ.ਡੀ.ਐਮਜ਼ ਵੀ ਮੌਜੂਦ ਸਨ।





























