
ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ‘ਚ ਉਤਾਰੇਗੀ “ਆਪ”, ਦੋਆਬੇ ਦਾ ਵੱਡਾ ਦਲਿਤ ਚਿਹਰਾ ਨੇ ਪਵਨ ਕੁਮਾਰ ਟੀਨੂ
ਜਲੰਧਰ, ਐਚ ਐਸ ਚਾਵਲਾ। ਜਲੰਧਰ ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਇਆ ਹੈ। ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ 2 ਵਾਰ ਵਿਧਾਇਕ ਰਹਿ ਚੁੱਕੇ ਪਵਨ ਟੀਨੂੰ ਅਤੇ ਜਿਲ੍ਹਾ ਯੋਜਨਾ ਬੋਰਡ ਜਲੰਧਰ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ “ਆਮ ਆਦਮੀ ਪਾਰਟੀ” ‘ਚ ਸ਼ਾਮਲ ਹੋ ਗਏ। ਚੰਡੀਗੜ੍ਹ CM ਹਾਊਸ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਵਨ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਨੂੰ ਸਿਰੋਪੇ ਪਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਹਨਾਂ ਆਗੂਆਂ ਦੇ ਕਈ ਸਮਰਥਕ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ “ਆਪ” ‘ਚ ਸ਼ਾਮਲ ਹੋ ਗਏ ਹਨ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਜਲੰਧਰ ਤੋਂ ਪਵਨ ਟੀਨੂ ਨੂੰ ਚੋਣ ਮੈਦਾਨ ‘ਚ ਉਤਾਰੇਗੀ। ਗੌਰਤਲਬ ਹੈ ਕਿ ਪਵਨ ਕੁਮਾਰ ਟੀਨੂ ਦੋਆਬੇ ਦਾ ਵੱਡਾ ਦਲਿਤ ਚਿਹਰਾ ਹਨ ਜੋਕਿ ਵਿਰੋਧੀਆਂ ਨੂੰ ਜਬਰਦਸਤ ਟੱਕਰ ਦੇ ਸਕਦੇ ਹਨ।

ਸ. ਗੁਰਚਰਨ ਸਿੰਘ ਚੰਨੀ ਨੇ ਵੀ ਸ੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ, ਮਾਣਯੋਗ ਸੁਖਬੀਰ ਸਿੰਘ ਬਾਦਲ ਜੀ, ਮੈਂ ਪਾਰਟੀ ਨੂੰ 30 ਸਾਲ ਤੋਂ ਵੱਧ ਦਾ ਸਮਾਂ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਤੁਹਾਡੇ ਸੱਦੇ ‘ਤੇ ਪਾਰਟੀ ਵਿਚ ਮੁੜ ਸ਼ਾਮਲ ਹੋਇਆ ਸੀ, ਪਰ ਮੇਰੇ ਤਜ਼ਰਬਿਆਂ ਨੇ ਮੈਨੂੰ ਪਾਰਟੀ ਦੇ ਭਵਿੱਖ ਅਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਸਹੀ ਸੇਵਾ ਕਰਨ ਦੀ ਯੋਗਤਾ ਬਾਰੇ ਨਿਰਾਸ਼ ਕਰ ਦਿੱਤਾ ਹੈ। ਪਾਰਟੀ ਨੂੰ ਲੀਡਰਸ਼ਿਪ ਅਤੇ ਅੰਦਰੂਨੀ ਰਾਜਨੀਤੀ ਦੇ ਗੰਭੀਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੈਨੂੰ ਡਰ ਹੈ ਕਿ ਤੁਸੀਂ ਸਹੀ ਢੰਗ ਨਾਲ ਹੱਲ ਕਰਨ ਜਾਂ ਸਵੀਕਾਰ ਕਰਨ ਵਿੱਚ ਅਸਮਰੱਥ ਹੋ ਗਏ ਹੋ। ਪਾਰਟੀ ਆਪਣੇ ਮੂਲ ਮੁੱਲਾਂ ਅਤੇ ਜਮਹੂਰੀ ਢਾਂਚੇ ਤੋਂ ਬਹੁਤ ਦੂਰ ਚਲੀ ਗਈ ਹੈ, ਅਤੇ ਇਹ ਉਹ ਚੀਜ਼ ਹੈ ਜਿਸ ਨੂੰ ਮੈਂ ਜਾਰੀ ਨਹੀਂ ਰੱਖ ਸਕਦਾ।
ਸਤਿਕਾਰ ਸਹਿਤ
ਗੁਰਚਰਨ ਸਿੰਘ ਚੰਨੀ
















