
ਜਲੰਧਰ ਕੈਂਟ, ਐਚ ਐਸ ਚਾਵਲਾ। ਵਿਧਾਨਸਭਾ ਹਲਕਾ ਜਲੰਧਰ ਕੈਂਟ ‘ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀਪਕ ਬਾਲੀ ਨੇ ਆਪਣੇ ਦਿਗਜ ਸਾਥੀਆਂ ਦੇ ਨਾਲ ਮੋਰਚਾ ਸੰਭਾਲਦੇ ਹੋਏ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਹੈ, ਜਿਸਦੇ ਚਲਦਿਆਂ ਹਲਕੇ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਪੈਂਦੇ ਪਿੰਡਾਂ, ਕਸਬਿਆਂ, ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸਦੇ ਚਲਦਿਆਂ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਗੌਰਤਲਬ ਹੈ ਕਿ ਜਿਥੇ ਦੀਪਕ ਬਾਲੀ ਆਪਣੇ ਦਿਗਜ ਸਾਥੀਆਂ ਨਾਲ ਲੋਕਾਂ ਵਿੱਚ ਵਿੱਚਰ ਰਹੇ ਹਨ ਅਤੇ ਲੋਕਾਂ ਵਲੋਂ ਵੀ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਕਰਦੇ ਹੋਏ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਉਥੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਇਸ ਮੁਹਿੰਮ ਨੂੰ ਹੋਰ ਵੀ ਕਾਮਯਾਬ ਕਰਨ ਲਈ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।

ਹਲਕਾ ਇੰਚਾਰਜ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਦੀਪਕ ਬਾਲੀ ਨੇ ਆਪਣੇ ਕੈਂਟ ਹਲਕੇ ਵਿੱਚ “ਆਮ ਆਦਮੀ ਪਾਰਟੀ” ਦੀ ਵਿਚਾਰਧਾਰਾ ਨਾਲ ਜੁੜੇ ਪਿੰਡਾਂ ਦੀ ਰਹਿਨੁਮਾਈ ਕਰਦੇ ਹੋਏ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਇਲਾਕੇ ਵਿੱਚ ਆ ਰਹੀਆਂ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਤਾਂਕਿ ਪਹਿਲ ਦੇ ਆਧਾਰ ‘ਤੇ ਇਹਨਾਂ ਸਮਸਿਆਵਾਂ ਦਾ ਹੱਲ ਕੀਤਾ ਜਾ ਸਕੇ।

ਇਸਦੇ ਨਾਲ ਨਾਲ ਹਲਕਾ ਇੰਚਾਰਜ ਦੀਪਕ ਬਾਲੀ ਜੀ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਨੇ ਉੱਘੇ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।
ਜਦੋਂ ਇਸ ਸੰਬੰਧੀ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਅੱਜ ਮੈਂ ਜਿਸ ਮੁਕਾਮ ਤੇ ਹਾਂ, ਇਹ ਸਭ ਪਾਰਟੀ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰਦੇ ਹੋਏ ਹਰ ਸੰਭਵ ਕੋਸ਼ਿਸ਼ ਕਰਾਂਗਾ।
ਅਨੁਮਾਨ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਜਲੰਧਰ ਕੈਂਟ ਸੀਟ ‘ਤੇ ਮੁਕਾਬਲਾ ਦਿਲਚਸਪ ਹੋਵੇਗਾ।























































