ਲੁਧਿਆਣਾ, (PRIME INDIAN NEWS) :- ਖੇਡਾਂ ਦੇ ਖੇਤਰ ਵਿੱਚ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾ ਰਹੀ ਕਿਰਨਜੀਤ ਕੌਰ ਨੇ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਬਲਾਕ ਕੂੰਮ ਕਲਾਂ ਸਾਹਨੇਵਾਲ ਸਰਕਾਰੀ ਸਕੂਲ ਵਿੱਚ ਹੋਏ ਐਥਲੈਟਿਕਸ ਮੁਕਾਬਲਿਆਂ ਦੌਰਾਨ ਕਿਰਨਜੀਤ ਕੌਰ ਨੇ ਆਪਣੀ ਤੇਜ਼ ਰਫ਼ਤਾਰ ਅਤੇ ਬੇਮਿਸਾਲ ਖੇਡ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਦੋਵੇਂ ਦੌੜਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਕਿਰਨਜੀਤ ਕੌਰ ਸਿਰਫ਼ ਐਥਲੈਟਿਕਸ ਦੀ ਹੀ ਹੋਣਹਾਰ ਖਿਡਾਰਨ ਨਹੀਂ, ਸਗੋਂ ਉਹ ਇੱਕ ਬਿਹਤਰੀਨ ਹਾਕੀ ਖਿਡਾਰਨ ਵੀ ਹੈ। ਉਹ ਅੰਡਰ-17 ਹਾਕੀ ਟੀਮ ਦੀ ਕਪਤਾਨ ਰਹਿ ਚੁੱਕੀ ਹੈ ਅਤੇ ਇਸ ਸਾਲ ਅੰਡਰ-19 ਟੀਮ ਵਿੱਚ ਵੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਇਸ ਦੇ ਨਾਲ ਹੀ ਕਿਰਨਜੀਤ ਦੀ ਸਟੇਟ ਪੱਧਰ ਲਈ ਵੀ ਚੋਣ ਹੋ ਚੁੱਕੀ ਹੈ। ਕਿਰਨਜੀਤ ਕੌਰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਗੇ ਰਹੀ ਹੈ। ਉਹ SOE ਮੁੰਡੀਆਂ ਕਲਾਂ ਵਿੱਚ +2 ਦੀ ਵਿਦਿਆਰਥਣ ਹੈ ਅਤੇ ਆਪਣੀ ਪੜ੍ਹਾਈ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਉਸਦੀ ਲਗਨ ਅਤੇ ਜ਼ਿੰਮੇਵਾਰੀ ਨੂੰ ਦੇਖਦਿਆਂ ਉਸਨੂੰ ਕਲਾਸ ਮਾਨੀਟਰ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
ਕਿਰਨਜੀਤ ਦੇ ਪਿਤਾ ਗੁਰਪ੍ਰੀਤ ਸਿੰਘ ਜਮਾਲਪੁਰੀ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਵਿੱਚ ਅਹਿਮ ਰੋਲ ਉਸਦੇ ਕੋਚ ਮਨਪ੍ਰੀਤ ਸਿੰਘ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਆਪਣੀ-ਆਪਣੀ ਫੀਲਡ ਵਿੱਚ ਮਿਹਨਤ ਕਰਕੇ ਵੱਡੀਆਂ ਉਪਲਬਧੀਆਂ ਹਾਸਲ ਕਰਨ। ਗੋਰਤਲਬ ਹੈ ਕਿ ਕਿਰਨਜੀਤ ਦੀ ਵੱਡੀ ਭੈਣ ਸਿਮਰਜੀਤ ਕੌਰ ਵੀ ਪੜ੍ਹਾਈ ਦੇ ਖੇਤਰ ਵਿੱਚ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹੋਏ ਲਾਅ ਦੀ ਪੜਾਈ ਕਰ ਰਹੀ ਹੈ। ਕਿਰਨਜੀਤ ਕੌਰ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਵਿੱਚ ਉਸਦੇ ਹਾਕੀ ਕੋਚ ਮਨਪ੍ਰੀਤ ਸਿੰਘ ਦੇ ਨਾਲ ਹੀ ਕੋਚ ਏਕਵਿੰਦਰ ਕੌਰ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਮਾਰਗਦਰਸ਼ਨ ਸਦਕਾ ਕਿਰਨਜੀਤ ਅੱਜ ਖੇਡਾਂ ਦੇ ਖੇਤਰ ਵਿੱਚ ਆਪਣਾ ਵੱਖਰਾ ਨਾਮ ਬਣਾ ਰਹੀ ਹੈ।
ਕਿਰਨਜੀਤ ਦੀ ਪੜ੍ਹਾਈ ਅਤੇ ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਸਕੂਲ ਪ੍ਰਿੰਸੀਪਲ ਪੂਜਾ ਤ੍ਰੇਹਨ ਅਤੇ ਉਸਦੇ ਕਲਾਸ ਇੰਚਾਰਜ ਅਧਿਆਪਕ ਗੁਰਪ੍ਰੀਤ ਸਿੰਘ ਵੀ ਉਸਦੀ ਇਸ ਉਪਲਬਧੀ ‘ਤੇ ਮਾਣ ਮਹਿਸੂਸ ਕਰਦੇ ਹਨ। ਕਿਰਨਜੀਤ ਕੌਰ ਦਾ ਸੁਪਨਾ ਭਵਿੱਖ ਵਿੱਚ ਭਾਰਤੀ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਹੈ। ਉਸਦੀ ਖੇਡਾਂ ਪ੍ਰਤੀ ਲਗਨ, ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਮਿਹਨਤ ਨੂੰ ਦੇਖਦਿਆਂ ਇਹ ਕਾਬਲੀਅਤ ਭਵਿੱਖ ਵਿੱਚ ਉਸਨੂੰ ਇੱਕ ਵੱਡੇ ਮੁਕਾਮ ਤੱਕ ਲੈ ਕੇ ਜਾ ਸਕਦੀ ਹੈ। 100 ਮੀਟਰ ਤੇ 200 ਮੀਟਰ ਵਿੱਚ ਦੋਹਰਾ ਗੋਲਡ ਜਿੱਤਣ ਵਾਲੀ ਕਿਰਨਜੀਤ ਕੌਰ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਉਸਦੇ ਪਰਿਵਾਰ, ਸਗੋਂ ਪਿੰਡ ਮੁੰਡੀਆਂ ਕਲਾਂ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।
















