
ਲੁਧਿਆਣਾ, (PRIME INDIAN NEWS):- ਪੀ.ਏ.ਯੂ. ਹਾਕੀ ਐਸਟਰੋਟਰਫ਼ ਲੁਧਿਆਣਾ ਵਿਖੇ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਜ਼ੋਨ ਸਾਹਨੇਵਾਲ ਦੀ ਅੰਡਰ-19 ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਏਕੋਟ ਦੀ ਟੀਮ ਨੂੰ 8-0 ਦੇ ਵੱਡੇ ਫਰਕ ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।
ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਸਾਹਨੇਵਾਲ ਦੀ ਟੀਮ ਇਹ ਮੁਕਾਬਲਾ ਇੰਨੇ ਵੱਡੇ ਫਰਕ ਨਾਲ ਜਿੱਤੇਗੀ, ਕਿਉਂਕਿ ਰਾਏਕੋਟ ਦੀ ਟੀਮ ਹਰ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੀ ਹੈ ਅਤੇ ਉਸ ਕੋਲ ਤੇਜ਼-ਤਰਾਰ ਖਿਡਾਰਨਾਂ ਦੀ ਕੋਈ ਕਮੀ ਨਹੀਂ ਹੈ। ਪਰ ਮੈਚ ਦੀ ਸ਼ੁਰੂਆਤੀ ਸੀਟੀ ਵੱਜਦਿਆਂ ਹੀ ਹਾਕੀ ਐਸਟਰੋਟਰਫ਼ ’ਤੇ ਜਿਵੇਂ ਤੂਫ਼ਾਨ ਆ ਹੀ ਗਿਆ। ਮੁੰਡੀਆਂ ਕਲਾਂ ਸਕੂਲ ਦੀਆਂ ਹਾਕੀ ਖਿਡਾਰਨਾਂ ਅੰਜਲੀ ਅਤੇ ਸ਼ਿਵਾਨੀ ਨੇ ਆਪਣੀ ਤੇਜ਼ ਰਫ਼ਤਾਰ, ਸ਼ਾਨਦਾਰ ਡ੍ਰਿਬਲਿੰਗ ਅਤੇ ਹਮਲਾਵਰ ਖੇਡ ਨਾਲ ਪੂਰੇ ਮੈਦਾਨ ਵਿੱਚ ਖਲਬਲੀ ਮਚਾ ਦਿੱਤੀ।
ਦੋਵਾਂ ਖਿਡਾਰਨਾਂ ਨੇ ਜਿਸ ਅੰਦਾਜ਼ ਨਾਲ ਵਿਰੋਧੀ ਟੀਮ ਦੇ ਡਿਫੈਂਸ ਨੂੰ ਭੰਨਿਆ, ਉਸ ਨੂੰ ਦੇਖ ਕੇ ਕੋਚਾਂ, ਖਿਡਾਰਨਾਂ ਅਤੇ ਦਰਸ਼ਕਾਂ ਨੇ ਵੀ ਉਨ੍ਹਾਂ ਦੀ ਖੇਡ ਦੀ ਖੂਬ ਸ਼ਲਾਘਾ ਕੀਤੀ। ਇਹਨਾਂ ਦੋਹਾਂ ਦੀ ਖੇਡ ਦਾ ਦੂਜੀ ਟੀਮ ਕੋਲ ਕੋਈ ਤੋੜ ਨਹੀਂ ਸੀ। ਦੇਖਦੇ ਹੀ ਦੇਖਦੇ ਸਾਹਨੇਵਾਲ ਦੀ ਟੀਮ ਨੇ ਲਗਾਤਾਰ ਚਾਰ ਗੋਲ ਕਰਕੇ ਮੈਚ ’ਤੇ ਪੂਰੀ ਤਰ੍ਹਾਂ ਆਪਣੀ ਪਕੜ ਬਣਾ ਲਈ। ਟੀਮ ਵੱਲੋਂ ਕਿਰਨਜੀਤ ਕੌਰ, ਨਿਰਜਲਾ, ਅਸ਼ਮਿਤਾ, ਰੁਚੀ, ਰਾਧਾ, ਕੋਮਲ, ਲਕਸ਼ਮੀ, ਦੀਕਸ਼ਾ ਅਤੇ ਪਿੰਦਰਜੀਤ ਕੌਰ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਖਾਸ ਗੱਲ ਇਹ ਰਹੀ ਕਿ ਕਿਰਨਜੀਤ ਕੌਰ ਨੇ ਇੰਜਰੀ ਦੇ ਬਾਵਜੂਦ ਮੈਦਾਨ ਵਿੱਚ ਉਤਰ ਕੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਦੀ ਜਿੱਤ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਉਸ ਦੇ ਜਜ਼ਬੇ ਅਤੇ ਖੇਡ ਪ੍ਰਤੀ ਸਮਰਪਣ ਦੀ ਹਰ ਪਾਸੇ ਸ਼ਲਾਘਾ ਕੀਤੀ ਗਈ ਹਾਲਾਂਕਿ ਕਈ ਆਸਾਨ ਮੌਕਿਆਂ ’ਤੇ ਸੈਂਟਰ ਫਾਰਵਰਡ ਲਕਸ਼ਮੀ ਗੋਲ ਕਰਨ ਤੋਂ ਖੁੰਝ ਗਈ, ਪਰ ਟੀਮ ਦੇ ਸਾਂਝੇ ਪ੍ਰਦਰਸ਼ਨ ਵਿੱਚ ਕੋਈ ਕਮੀ ਨਹੀਂ ਆਈ ਅਤੇ ਸਾਹਨੇਵਾਲ ਦੀ ਟੀਮ ਨੇ ਅੰਤ ਵਿੱਚ 8-0 ਦੀ ਸ਼ਾਨਦਾਰ ਜਿੱਤ ਦਰਜ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰ ਲਿਆ।
ਟੀਮ ਦੇ ਕੋਚ ਮਨਪ੍ਰੀਤ ਸਿੰਘ ਅਤੇ ਏਕਵਿੰਦਰ ਕੌਰ ਨੇ ਖਿਡਾਰਨਾਂ ਦੇ ਪ੍ਰਦਰਸ਼ਨ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਟੀਮ ਨੇ ਪੂਰੀ ਮਿਹਨਤ, ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਖੇਡਦਿਆਂ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਇਸ ਮੌਕੇ ਗਰਲਜ਼ ਹਾਕੀ ਮੁੰਡੀਆਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਮਾਲਪੁਰੀ ਵੀ ਵਿਸ਼ੇਸ਼ ਤੌਰ ’ਤੇ ਟੀਮ ਦੇ ਨਾਲ ਮੌਜੂਦ ਰਹੇ ਅਤੇ ਖਿਡਾਰਨਾਂ ਦਾ ਹੌਸਲਾ ਵਧਾਇਆ।
ਇਸ ਸ਼ਾਨਦਾਰ ਉਪਲਬਧੀ ’ਤੇ ਸ਼੍ਰੀਮਤੀ ਡਿੰਪਲ ਮਦਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ, ਕੁਲਵੀਰ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ, ਸਤਿੰਦਰ ਕੌਰ ਲੈਕਚਰਾਰ ਸਰੀਰਕ ਸਿੱਖਿਆ ਪੀ.ਏ.ਯੂ. ਸਕੂਲ, ਕੁਲਜਿੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਬੋਪਾ ਰਾਏ ਸਕੂਲ, ਇਕਬਾਲ ਸਿੰਘ, ਹਰਪ੍ਰੀਤ ਕੌਰ, ਰਵਿੰਦਰ ਸਿੰਘ, ਮਨਪ੍ਰੀਤ ਸਿੰਘ ਕਿਲਾ ਰਾਏਪੁਰ ਅਤੇ ਬਲਜੀਤ ਕੌਰ ਇੰਟਰਨੈਸ਼ਨਲ ਹਾਕੀ ਖਿਡਾਰਨ ਅਤੇ ਹਾਕੀ ਕੋਚ, ਸਪੋਰਟਸ ਵਿਭਾਗ ਵੱਲੋਂ ਟੀਮ ਨੂੰ ਹਾਰਦਿਕ ਵਧਾਈ ਦਿੱਤੀ ਗਈ।
ਇਸ ਤੋਂ ਇਲਾਵਾ ਮਨਦੀਪ ਸਿੰਘ, ਡੀ.ਐੱਸ.ਓ. ਨੇ ਵੀ ਜ਼ੋਨ ਸਾਹਨੇਵਾਲ ਦੀ ਅੰਡਰ-19 ਹਾਕੀ ਟੀਮ ਨੂੰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਖਿਡਾਰਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
















