
PRIME INDIAN NEWS✍️H S CHAWLA
ਪੈਰਿਸ, (PIN):- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰਾਂ, ਇਕਬਾਲ ਸਿੰਘ ਭੱਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਰਪ, ਲਖਵਿੰਦਰ ਸਿੰਘ ਡੋਗਰਾਂਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਗਵੰਤ ਸਿੰਘ ਲਹਿਰਾ ਪ੍ਰਧਾਨ ਐੱਨ ਆਰ ਆਈ ਵਿੰਗ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਐੱਨ ਆਰ ਆਈ ਵਿੰਗ ਸਪੇਨ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਐੱਨ ਆਰ ਆਈ ਵਿੰਗ ਨੌਰਵੇ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ ਯੂਨਿਟ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਯੂਨਿਟ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ ਯੂਨਿਟ, ਸੁਖਜਿੰਦਰ ਸਿੰਘ ਕਾਲੜੂ ਪ੍ਰਧਾਨ ਯੂਥ ਵਿੰਗ ਰੋਮਾ ਸਾਈਡ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਯੂਨਿਟ ਸਹਿਤ ਸਾਰੇ ਮੈਂਬਰਾਂ ਅਤੇ ਸਪੋਰਟਰਾਂ ਵਲੋਂ ਸਾਂਝੇ ਤੌਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਗਈ ਹੈ ਕਿ ਪਾਰਟੀ ਦਾ 2 ਜਾਂ 3 ਮੈਂਬਰੀ ਡੈਲੀਗੇਸ਼ਨ ਯੂਰਪ ਦੇ ਦੌਰੇ ਤੇ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੇ ਰਾਹੀਂ ਯੂਰਪ ਦੀ ਸਪਸ਼ਟ ਸਥਿਤੀ ਦੀ ਜਾਣਕਾਰੀ ਆਪਜੀ ਤੱਕ ਪਹੁੰਚ ਸਕੇ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਦੇ ਦਸਤਖ਼ਤ ਕੀਤਾ ਲੈਟਰ ਪੈਡ/ਪੱਤਰ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਸ. ਬਾਦਲ ਨੂੰ ਬੇਨਤੀ ਕੀਤੀ ਗਈ ਹੈ ਕਿ ਇਟਲੀ ਵਿਖੇ ਪੰਜਾਬੀਆਂ ਦਾ ਗੜ ਹੈ, ਜਿਥੇ ਯੂਰਪ ਯੂਨਿਟ ਦੇ ਅਹੁਦੇਦਾਰ ਆਪਜੀ ਦੁਆਰਾ ਭੇਜੇ ਗਏ ਡੈਲੀਗੇਸ਼ਨ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੇ ਰਾਹੀਂ ਯੂਰਪ ਦੀ ਸਪਸ਼ਟ ਸਥਿਤੀ ਆਪਜੀ ਤੱਕ ਪਹੁੰਚਾ ਸਕਦੇ ਹਨ।
ਸ. ਇਕਬਾਲ ਸਿੰਘ ਭੱਟੀ ਨੇ ਸਮੂਹ ਅਹੁਦੇਦਾਰਾਂ ਸਹਿਤ ਸਾਰੇ ਮੈਂਬਰਾਂ ਅਤੇ ਸਪੋਰਟਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਜਿਸਨੂੰ ਦੇਖਦੇ ਹੋਏ ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਮੌਜੂਦਾ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਜੋਕਿ ਬਹੁਤ ਹੀ ਚਿੰਤਾ ਵਾਲਾ ਵਿਸ਼ਾ ਹੈ।
ਸ. ਭੱਟੀ ਨੇ ਸ. ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ 2027 ਵਿੱਚ ਪੰਜਾਬ ਵਿਧਾਨਸਭਾ ਚੋਣਾਂ ਆ ਰਹੀਆਂ ਹਨ, ਜਿਸਨੂੰ ਲੈ ਕੇ ਵਿਰੋਧੀ ਪਾਰਟੀਆਂ ਤਰਾਂ ਤਰਾਂ ਦੇ ਹੱਥਕੰਡੇ ਵਰਤ ਰਹੀਆਂ ਹਨ, ਇਸ ਉਪਰ ਵੀ ਵਿਚਾਰ ਵਿਮਰਸ਼ ਕਰਨੇ ਅਤਿਅੰਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਸ. ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗੂ ਖੜਾ ਸੀ, ਖੜਾ ਹੈ ਅਤੇ ਹਮੇਸ਼ਾਂ ਖੜਾ ਰਹੇਗਾ। ਸ. ਭੱਟੀ ਕੇ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਸ. ਬਾਦਲ ਸਾਡੀ ਇਸ ਬੇਨਤੀ ਪਰਵਾਨ ਕਰਦੇ ਹੋਏ 2 ਜਾਂ 3 ਮੈਂਬਰੀ ਡੈਲੀਗੇਸ਼ਨ ਯੂਰਪ ਦੌਰੇ ਤੇ ਜਰੂਰ ਭੇਜਣਗੇ।
















