ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਨੀਤ ਆਹਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ (ਤਫ਼ਤੀਸ਼), ਜਲੰਧਰ ਦਿਹਾਤੀ ਅਤੇ ਭਾਰਤ ਮਸੀਹ ਲੱਧੜ, ਪੀ.ਪੀ.ਐੱਸ., ਉਪ ਪੁਲਿਸ ਕਪਤਾਨ, ਸਬ-ਡਿਵੀਜ਼ਨ ਫਿਲੌਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਮੁੱਖ ਅਫ਼ਸਰ ਥਾਣਾ ਫਿਲੌਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਇੱਕ ਨਾਜਾਇਜ਼ ਅਸਲਾ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ .30 ਬੋਰ ਪਿਸਤੌਲ, ਇੱਕ ਮੈਗਜ਼ੀਨ ਅਤੇ .30 ਬੋਰ ਦੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਮਸੀਹ ਲੱਧੜ, ਪੀ.ਪੀ.ਐੱਸ., ਡੀਐਸਪੀ ਸਬ ਡਿਵੀਜ਼ਨ ਫ਼ਿਲੌਰ ਨੇ ਦੱਸਿਆ ਕਿ ਹਾਈ-ਟੈਕ ਨਾਕਾ, ਸਤਲੁਜ ਪੁਲ ਵਿਖੇ ਵਿਸ਼ੇਸ਼ ਨਾਕਾਬੰਦੀ ਅਤੇ ਵਾਹਨ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਸਵਿਫਟ ਕਾਰ ਨੰਬਰ PB-02-ER-2316 ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਵਿੱਚ ਸਵਾਰ ਮੁਲਜ਼ਮ ਮਹਿਕਪ੍ਰੀਤ ਉਰਫ਼ ਰੋਹਿਤ ਪੁੱਤਰ ਹਰਪਾਲ, ਵਾਸੀ ਪਿੰਡ ਬੋੜੇਵਾਲ ਕੰਗ, ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ, ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਅਮਨਦੀਪ ਸਿੰਘ, ਵਾਸੀ ਫਤਿਹਗੜ੍ਹ ਚੂੜੀਆਂ, ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਰੌਬਿਨਪ੍ਰੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ, ਵਾਸੀ ਪਿੰਡ ਬੱਦੋਵਾਲ ਕਲਾਂ, ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਰਾਜੇਸ਼ਵਰ ਸਿੰਘ ਪੁੱਤਰ ਮਹਿਤਾਬ ਸਿੰਘ, ਵਾਸੀ ਪਿੰਡ ਕੋਟਲਾ ਗੁੱਜਰਾਂ, ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ, ਮਨਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ, ਵਾਸੀ ਪਿੰਡ ਸੰਗਤਪੁਰਾ, ਥਾਣਾ ਝੰਡੇਰ, ਜ਼ਿਲ੍ਹਾ ਅੰਮ੍ਰਿਤਸਰ ਅਤੇ ਨਿਖਿਲ ਪੁੱਤਰ ਅਸ਼ੋਕ ਕੁਮਾਰ, ਵਾਸੀ ਸਦਰ ਬਾਜ਼ਾਰ, ਥਾਣਾ ਕੈਂਟ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ .30 ਬੋਰ ਪਿਸਤੌਲ, ਇੱਕ ਮੈਗਜ਼ੀਨ ਅਤੇ .30 ਬੋਰ ਦੇ 3 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਐਫ.ਆਈ.ਆਰ. ਨੰਬਰ 205 ਮਿਤੀ 21.07.2026 ਅਧੀਨ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਖ-ਵੱਖ ਸੰਪਰਕਾਂ ਰਾਹੀਂ ਘੱਟ ਕੀਮਤ ‘ਤੇ ਨਾਜਾਇਜ਼ ਹਥਿਆਰ ਹਾਸਲ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮਹਿੰਗੇ ਭਾਅ ‘ਤੇ ਸਪਲਾਈ ਕਰਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਰਾਮਦ ਕੀਤਾ ਗਿਆ ਹਥਿਆਰ ਫਿਲੌਰ ਇਲਾਕੇ ਵਿੱਚ ਸਪਲਾਈ ਕੀਤਾ ਜਾਣਾ ਸੀ, ਪਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬਰਾਮਦ ਅਸਲੇ ਦੇ ਸਰੋਤ ਅਤੇ ਇਸ ਗੈਰ-ਕਾਨੂੰਨੀ ਅਸਲਾ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ। ਜਾਂਚ ਦੌਰਾਨ ਹੋਰ ਗ੍ਰਿਫ਼ਤਾਰੀਆਂ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਲੰਧਰ ਦਿਹਾਤੀ ਪੁਲਿਸ ਨਾਜਾਇਜ਼ ਅਸਲਾ ਤਸਕਰੀ ਵਿੱਚ ਸ਼ਾਮਲ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
















