
ਜਲੰਧਰ, ਐਚ ਐਸ ਚਾਵਲਾ। ਸ.ਹਰਵਿੰਦਰ ਸਿੰਘ ਵਿਰਕ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਨੀਤ ਆਹਲਾਵਤ, IPS, ਪੁਲਿਸ ਕਪਤਾਨ (ਤਫ਼ਤੀਸ਼), ਰਾਜੀਵ ਕੁਮਾਰ, ਡੀ.ਐਸ.ਪੀ., ਸਬ-ਡਵੀਜ਼ਨ ਆਦਮਪੁਰ ਅਤੇ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ਼ ਦੀ ਨਿਗਰਾਨੀ ਹੇਠ ਜਲੰਧਰ ਦਿਹਾਤੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਹਰਵਿੰਦਰ ਸਿੰਘ ਵਿਰਕ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 06 ਜੁਲਾਈ 2026 ਨੂੰ ਕਰੀਬ ਦੁਪਹਿਰ 12:30 ਵਜੇ ਪਿੰਡ ਡਰੋਲੀ ਕਲਾਂ, ਥਾਣਾ ਆਦਮਪੁਰ ਦੇ ਰਹਿਣ ਵਾਲੇ 26 ਸਾਲਾ ਦਵਿੰਦਰ ਸਿੰਘ ਉਰਫ਼ ਬਾਜਾ ਦਾ ਮਨਪ੍ਰੀਤ ਸਿੰਘ ਉਰਫ਼ ਗੰਗੂ ਦੇ ਘਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਨੀਤ ਆਹਲਾਵਤ, IPS, ਪੁਲਿਸ ਕਪਤਾਨ (ਤਫ਼ਤੀਸ਼), ਰਾਜੀਵ ਕੁਮਾਰ, ਡੀ.ਐਸ.ਪੀ., ਸਬ-ਡਵੀਜ਼ਨ ਆਦਮਪੁਰ, ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ਼, ਇੰਸਪੈਕਟਰ ਪੰਕਜ ਕੁਮਾਰ, ਮੁੱਖ ਅਫ਼ਸਰ ਥਾਣਾ ਆਦਮਪੁਰ ਅਤੇ ਪੁਲਿਸ ਪਾਰਟੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਸਾਰੇ ਆਉਣ-ਜਾਣ ਵਾਲੇ ਰਸਤੇ ਤੁਰੰਤ ਸੀਲ ਕਰ ਦਿੱਤੇ ਗਏ।
ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਸਮੇਂ ਮਨਪ੍ਰੀਤ ਸਿੰਘ ਉਰਫ਼ ਗੰਗੂ ਦੇ ਘਰ ਦੇ ਅੰਦਰ ਕੁੱਲ ਪੰਜ ਵਿਅਕਤੀ ਮੌਜੂਦ ਸਨ। ਹੁਣ ਤੱਕ ਮਨਪ੍ਰੀਤ ਸਿੰਘ ਉਰਫ਼ ਗੰਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਰਮਨ, ਵਰੁਣ ਅਤੇ ਆਕਾਸ਼ ਦੀ ਪਛਾਣ ਕਰ ਲਈ ਗਈ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਘਟਨਾ ਘਰ ਦੇ ਇੱਕ ਕਮਰੇ ਅੰਦਰ ਵਾਪਰੀ, ਜਿੱਥੇ ਕਥਿਤ ਤੌਰ ‘ਤੇ ਗਲੌਕ 9 ਐੱਮ.ਐੱਮ. ਪਿਸਤੌਲ ਨਾਲ ਕਰੀਬ 10 ਤੋਂ 12 ਰਾਊਂਡ ਫਾਇਰ ਕੀਤੇ ਗਏ। ਵਾਰਦਾਤ ਵਿੱਚ ਵਰਤਿਆ ਗਿਆ ਗਲੌਕ 9 ਐੱਮ.ਐੱਮ. ਪਿਸਤੌਲ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਮੌਕੇ ਦੀ ਜਾਂਚ ਦੌਰਾਨ ਕਮਰੇ ਨੂੰ ਗੋਲੀਬਾਰੀ ਕਾਰਨ ਕਾਫ਼ੀ ਨੁਕਸਾਨ ਪਹੁੰਚਿਆ ਹੋਇਆ ਪਾਇਆ ਗਿਆ।
ਸ.ਹਰਵਿੰਦਰ ਸਿੰਘ ਵਿਰਕ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਉਰਫ਼ ਬਾਜਾ ਇੱਕ ਹਾਰਡਕੋਰ ਅਪਰਾਧੀ ਸੀ, ਜੋ ਹਾਲ ਹੀ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਤਿੰਨ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਸਨ ਅਤੇ ਉਹ ਪਹਿਲਾਂ ਇੱਕ ਪੁਲਿਸ ਮੁਕਾਬਲੇ ਦੌਰਾਨ ਵੀ ਗ੍ਰਿਫ਼ਤਾਰ ਹੋ ਚੁੱਕਾ ਸੀ।
ਮੁੱਢਲੀ ਤਫ਼ਤੀਸ਼ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਕਤਲ ਪੁਰਾਣੀ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਜਾਪਦਾ ਹੈ।ਇਸ ਸਬੰਧੀ ਥਾਣਾ ਆਦਮਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
















