
ਕਿਹਾ – ਸਮੁੱਚੇ ਪੰਜਾਬੀ ਇੱਕਜੁੱਟ ਹੋ ਕੇ ਆਪ ਸਰਕਾਰ ਦੇ ਜਬਰ ਤੇ ਜ਼ੁਲਮ ਖ਼ਿਲਾਫ਼ ਕਰ ਚੁੱਕੇ ਹਨ ਆਵਾਜ਼ ਬੁਲੰਦ, 2027 ਵਿੱਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ
ਪੈਰਿਸ, (PRIME INDIAN NEWS) :- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਹੋਈ ਧਾਂਦਲੀ ਤੇ ਧੱਕੇਸ਼ਾਹੀ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਸੌ ਫੀਸਦੀ ਜਾਇਜ਼ ਹੈ ਤਾਂ ਜੋ ਚੋਣ ਪ੍ਰਣਾਲੀ ’ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਹੋ ਸਕੇ। ਇਸਦੇ ਨਾਲ ਹੀ ਮੌਜੂਦਾ ਚੋਣਾਂ ਤੇ ਪਹਿਲਾਂ ਸਰਪੰਚੀ ਦੀਆਂ ਚੋਣਾਂ ਦੌਰਾਨ ਹੋਈਆਂ ਘਟਨਾਵਾਂ ਦੀ ਚੋਣ ਕਮਿਸ਼ਨ ਤੇ ਆਪ ਸਰਕਾਰ ਦੀ ਮਿਲੀਭੁਗਤ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਆਪ ਸਰਕਾਰ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਦੌਰਾਨ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਸ਼ਰੇਆਮ ਲੋਕਾਂ ਨਾਲ ਧੱਕੇਸ਼ਾਹੀ ਤੇ ਕੁੱਟਮਾਰ ਕੀਤੀ, ਜਿਸ ਕਾਰਨ ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਪੂਰੇ ਪੰਜਾਬ ਵਿੱਚ ਸਿਰਫ 48 ਫੀਸਦੀ ਵੋਟਾਂ ਹੀ ਪੋਲ ਹੋਈਆਂ।
ਸ. ਭੱਟੀ ਨੇ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਵੱਧਦਾ ਮਿਆਰ ਵੇਖ ਕੇ ਜਿਥੇ ਵਿਰੋਧੀਆਂ ਦੀ ਨੀਂਦ ਉੱਡ ਗਈ ਹੈ, ਉਥੇ ਮੌਜੂਦਾ ਆਪ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਕਿ 2027 ਵਿੱਚ ਕੀ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਰਦ ਰੱਖਣ ਵਾਲੇ ਸਮੁੱਚੇ ਪੰਜਾਬੀ ਇੱਕਜੁੱਟ ਹੋ ਕੇ ਝਾੜੂ ਸਰਕਾਰ ਦੇ ਜਬਰ ਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰ ਚੁੱਕੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਪਣਾ ਫ਼ਤਵਾ ਦੇ ਕੇ ਸੂਬੇ ਅੰਦਰ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਵਿਕਾਸਸ਼ੀਲ ਅਤੇ ਖੁਸ਼ਹਾਲ ਸਰਕਾਰ ਬਣਾਉਣਗੇ।
















