ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ, ਪੈਰਿਸ ਦੇ ਮਸ਼ਹੂਰ “ਆਈਫਲ ਟਾਵਰ” ਦਾ ਮਾਡਲ ਕੀਤਾ ਭੇਂਟ
ਪੈਰਿਸ /ਲੁਧਿਆਣਾ, (PRIME INDIAN NEWS) :- ਲੁਧਿਆਣਾ ਪੱਛਮੀ ਹਲਕੇ ਦੀ ਹੋ ਰਹੀ ਜਿਮਨੀ ਚੋਣ ਦੌਰਾਨ ਅਕਾਲੀ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਲੁਧਿਆਣਾ ਵਿਖੇ ਪਹੁੰਚ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ. ਭੱਟੀ ਨੇ ਸ. ਬਾਦਲ ਨਾਲ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਪੈਰਿਸ ਦੇ ਮਸ਼ਹੁਰ “ਆਈਫਲ ਟਾਵਰ” ਦਾ ਮਾਡਲ ਵੀ ਭੇਂਟ ਕੀਤਾ।
ਸ. ਭੱਟੀ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਦੇ ਚੋਣ ਮੈਦਾਨ ‘ਚ ਆਉਣ ਨਾਲ ਹੁਣ ਤਿਕੋਣੀ ਟੱਕਰ ਹੋ ਗਈ ਹੈ ਅਤੇ ਆਮ ਲੋਕਾਂ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ, ਜਿਸਦੇ ਚਲਦਿਆਂ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਵਧਿਆ ਹੈ।
ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਹੁਕਮ ਹੋਇਆ ਸੀ ਕਿ ਉਹ ਇਸ ਚੋਣ ਪ੍ਰਚਾਰ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਲੁਧਿਆਣਾ ਪਹੁੰਚ ਕੇ ਪਾਰਟੀ ਦਾ ਸਹਿਯੋਗ ਕਰਨ, ਜਿਸਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ, ਉਹ ਲੁਧਿਆਣਾ ਵਿਖੇ ਪਹੁੰਚ ਗਏ ਹਨ। ਸ. ਭੱਟੀ ਨੇ ਕਿਹਾ ਕਿ ਉਹ ਆਪਣੇ ਜਾਣ ਪਹਿਚਾਣ ਦੇ ਲੋਕਾਂ ਦੇ ਨਾਲ ਨਾਲ, ਆਪਣੇ NRI ਵੀਰਾਂ ਨਾਲ ਵੀ ਸੰਪਰਕ ਕਰਕੇ ਇਸ ਹਲਕੇ ‘ਚ ਵਸੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਕੇ ਐਡਵੋਕੇਟ ਪਰਉਪਕਾਰ ਸਿੰਘ ਨੂੰ ਵੋਟ ਪਾਉਣ ਵਾਸਤੇ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਇਹ ਸੀਟ ਭਾਰੀ ਬਹੁਮਤ ਨਾਲ ਜਿੱਤਾ ਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਈ ਜਾ ਸਕੇ।
















